ਟਾਂਡਾ ਉੜਮੁੜ, 9 ਮਈ (ਭਗਵਾਨ ਸਿੰਘ ਸੈਣੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਿਖੇ ਮਾਂ ਦਿਵਸ ਮਨਾਇਆ | ਅਧਿਆਪਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੀ ਮੇਜ਼ਬਾਨੀ ਵਿਦਿਆਰਥਣਾਂ ਜੈਸਮੀਨ ਕੌਰ, ਹਰਸਿਮਰਨ ਕੌਰ, ਮੁਸਕਾਨ ਵਰਮਾ, ਜਸਪ੍ਰੀਤ ਕੌਰ, ਅਰਸ਼ਦੀਪ ਕੌਰ ਤੇ ਨਵਰੂਪ ਕੌਰ ਨੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਅਧਿਆਪਕਾ ਕੁਲਦੀਪ ਕੌਰ ਦੇ ਸਵਾਗਤੀ ਭਾਸ਼ਨ ਨਾਲ ਹੋਈ | ਇਸ ਤੋਂ ਬਾਅਦ, ਪਹਿਲੀ ਜਮਾਤ ਦੀਆਂ ਵਿਦਿਆਰਥਣਾਂ ਅਸ਼ਲੀਨ ਕੌਰ, ਸਹਿਜਦੀਪ ਕੌਰ ਤੇ ਹਰਕੀਰਤ ਕੌਰ ਨੇ ਮਾਵਾਂ ਬਾਰੇ ਆਪਣੀਆਂ ਭਾਵਨਾਤਮਕ ਪੇਸ਼ਕਾਰੀਆਂ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ | ਪਹਿਲੀ ਜਮਾਤ, ਦਸਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਗਾਏ | ਅਧਿਆਪਕਾ ਸਪਨਾ ਸੈਣੀ ਦੇ ਨਿਰਦੇਸ਼ਨ ਹੇਠ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਪ੍ਰੇਰਨਾਦਾਇਕ ਸਕਿੱਟ ਪੇਸ਼ ਕੀਤੀ | ਪਹਿਲੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਵੀ ਪ੍ਰੋਗਰਾਮ ਦੌਰਾਨ ਮਾਡਲਿੰਗ, ਪਾਸਿੰਗ ਦ ਚੇਅਰ, ਸੰਗੀਤਕ ਡਾਂਸ ਤੇ ਪੇਪਰ ਡਾਂਸ ਵਰਗੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੇ ਅੰਤ 'ਚ ਸਕੂਲ ਪਿ੍ੰਸੀਪਲ ਸਤਵਿੰਦਰ ਕੌਰ ਅਤੇ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਮਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕਾ ਹੁੰਦੀ ਹੈ ਅਤੇ ਪ੍ਰਮਾਤਮਾ ਤੋਂ ਬਾਅਦ ਸਭ ਤੋਂ ਉੱਚਾ ਸਥਾਨ ਰੱਖਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਮਾਵਾਂ ਦਾ ਸਤਿਕਾਰ ਕਰਨ, ਉਨ੍ਹਾਂ ਦੀ ਆਗਿਆ ਦੀ ਪਾਲਣਾ ਕਰਨ ਤੇ ਉਨ੍ਹਾਂ ਨੂੰ ਕਦੇ ਵੀ ਦੁਖੀ ਨਾ ਕਰਨ ਲਈ ਪ੍ਰੇਰਿਤ ਕੀਤਾ |