ਮੁਕੇਰੀਆਂ, 13 ਮਈ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਦੇ ਆਈ. ਟੀ. ਕਲੱਬ ਵਲੋਂ ਰਾਸ਼ਟਰੀ ਤਕਨੀਕ ਦਿਵਸ ਮਨਾਇਆ ਗਿਆ | ਇਸ ਮੌਕੇ 'ਡਿਜ਼ਿਟਲ ਡਿਜ਼ਾਈਨ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਵਿਚ ਤਕਨੀਕੀ ਰਚਨਾਤਮਿਕਤਾ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਆਧੁਨਿਕ ਡਿਜ਼ਿਟਲ ਡਿਜ਼ਾਈਨਿੰਗ ਟੂਲਜ਼ ਅਤੇ ਤਕਨੀਕਾਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਪ੍ਰਦਾਨ ਕਰਨਾ ਸੀ | ਵਰਕਸ਼ਾਪ ਦਾ ਸੰਚਾਲਨ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਸ਼ਿਵਾਨੀ ਵਲੋਂ ਕੀਤਾ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਡਿਜ਼ਿਟਲ ਡਿਜ਼ਾਈਨ ਦੇ ਮੂਲ ਸਿਧਾਂਤਾਂ ਜਿਵੇਂ ਪੋਸਟਰ ਡਿਜ਼ਾਈਨਿੰਗ, ਸੋਸ਼ਲ ਮੀਡੀਆ, ਲੇਆਉਟ ਕਾਂਸੈਪਟ, ਰੰਗਾਂ ਦੀ ਚੋਣ, ਟਾਈਪੋਗ੍ਰਾਫੀ ਅਤੇ ਰਚਨਾਤਮਿਕ ਸੰਚਾਰ 'ਚ ਡਿਜ਼ਿਟਲ ਟੂਲਜ਼ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਵਿਦਿਆਰਥਣਾਂ ਨੇ ਪ੍ਰਯੋਗਾਤਮਿਕ ਗਤੀਵਿਧੀਆਂ 'ਚ ਉਤਸ਼ਾਹ ਨਾਲ ਭਾਗ ਲਿਆ ਅਤੇ ਡਿਜ਼ਿਟਲ ਡਿਜ਼ਾਈਨ ਦੇ ਖੇਤਰ ਵਿਚ ਆਪਣੀ ਰਚਨਾਤਮਿਕ ਯੋਗਤਾ ਦਾ ਪ੍ਰਦਰਸ਼ਨ ਕੀਤਾ | ਵਰਕਸ਼ਾਪ ਰਾਹੀਂ ਵਿਦਿਆਰਥਣਾਂ 'ਚ ਸਿਰਜਣਾਤਮਿਕਤਾ, ਟੀਮ ਵਰਕ ਅਤੇ ਤਕਨੀਕੀ ਜਾਗਰੂਕਤਾ ਨੂੰ ਉਤਸ਼ਾਹ ਮਿਲਿਆ | ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਆਈ. ਟੀ. ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਆਧੁਨਿਕ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਡਿਜ਼ਿਟਲ ਅਤੇ ਤਕਨੀਕੀ ਹੁਨਰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਸਫਲ ਆਯੋਜਨ 'ਚ ਆਈ. ਟੀ. ਕਲੱਬ ਦੀ ਕੋਆਰਡੀਨੇਟਰ ਪੂਜਾ, ਸਹਿ-ਕੋਆਰਡੀਨੇਟਰ ਸ਼ਿਵਾਨੀ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਹੋਰ ਅਧਿਆਪਕਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਅਤੇ ਸਮੂਹ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਪ੍ਰੋਗਰਾਮ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ |