ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ 31 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਖੇ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਉਕਤ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ 'ਤੇ ਆਉਣ 'ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਲੇਕਿਨ 4 ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ 'ਤੇ ਵੀ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ, ਜਿਸਦੇ ਚੱਲਦਿਆਂ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਬਿਨਾਂ ਸ਼ਰਤ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਦਿੱਲੀ ਸਰਕਾਰ ਦੀ ਤਰਜ਼ 'ਤੇ ਤਨਖ਼ਾਹਾਂ ਵਿਚ 20 ਫ਼ੀਸਦੀ ਵਾਧਾ ਕਰਨਾ ਅਤੇ ਵਿਭਾਗੀ ਮੰਗਾਂ, ਸੀਨੀਅਰ ਜੂਨੀਅਰ ਦੀ ਤਨਖ਼ਾਹ 'ਚ ਫ਼ਰਕ ਨੂੰ ਦੂਰ ਕਰਨਾ ਮੁੱਖ ਮੰਗਾਂ 'ਚ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਨਾਲ 50 ਮੀਟਿੰਗਾਂ , ਸਬ ਕਮੇਟੀ ਨਾਲ 10 ਅਤੇ ਵਿਭਾਗ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ | ਮੀਟਿੰਗਾਂ 'ਚ ਮੰਗਾਂ ਦੇ ਹੱਲ ਕਰਨ ਦਾ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ ਲੇਕਿਨ ਫਿਰ ਉੱਥੇ ਹੀ ਗੱਲ ਰਹਿ ਜਾਂਦੀ ਹੈ | ਇਸਦੇ ਵਿਰੋਧ 'ਚ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ, ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ |