ਗੜ੍ਹਸ਼ੰਕਰ, 24 ਮਈ (ਧਾਲੀਵਾਲ)-ਪੰਜਾਬ ਭਰ ਵਿਚ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਨਸ਼ਿਆਂ ਦੇ ਸਰਵੇਖਣ 'ਚ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਹੁਣ ਅੱਤ ਦੀ ਗਰਮੀ 'ਚ ਜਨਗਣਨਾ ਵਿਚ ਵੀ ਅਧਿਆਪਕਾਂ ਦੀਆਂ ਥੋਕ ਦੇ ਭਾਅ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ | ਉਥੇ ਇਹ ਡਿਊਟੀਆਂ ਕਰ ਰਹੇ ਅਧਿਆਪਕਾਂ ਦੀਆਂ ਹੀ ਨਾਲ ਹੀ ਹੁਣ ਨਗਰ ਕੌਂਸਲ ਦੀਆਂ ਚੋਣਾਂ 'ਚ ਅਧਿਆਪਕਾਂ ਦੀਆਂ ਦੂਰ ਦੁਰਾਡੇ ਡਿਊਟੀਆਂ ਲਾਉਣ ਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਸਖ਼ਤ ਨਿਖੇਧੀ ਕੀਤੀ ਹੈ | ਪ੍ਰੈੱਸ ਬਿਆਨ ਜਾਰੀ ਕਰਦਿਆਂ ਡੀ. ਟੀ. ਐੱਫ. ਦੇ ਆਗੂਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਇੰਦਰਸੁਖਦੀਪ ਸਿੰਘ ਓਡਰਾ, ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਪਹਿਲਾਂ ਡਰੱਗ ਸਰਵੇ ਦੇ ਨਾ ਤਹਿਤ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਲੈਣ ਲਈ ਮਜਬੂਰ ਕੀਤਾ ਗਿਆ ਹੁਣ ਨਾਲ ਹੀ ਅੱਤ ਦੀ ਗਰਮੀ 'ਚ ਜਨਗਣਨਾ ਵਿਚ ਤਕਰੀਬਨ ਸਮੂਹ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਉੱਥੇ ਨਾਲ ਹੀ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ 'ਚ 100-120 ਮੀਲ ਦੂਰ ਦੁਰਾਡੇ ਅਧਿਆਪਕਾਂ ਨੂੰ ਡਿਊਟੀਆਂ ਨਿਭਾਉਣ ਦਾ ਫ਼ਰਮਾਨ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਇਨ੍ਹਾਂ ਡਿਊਟੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਸਿਰਫ਼ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਹਰ ਤਰ੍ਹਾਂ ਦੀਆਂ ਸਰਵੇ, ਗੈਰ ਵਿੱਦਿਅਕ ਕੰਮਾਂ 'ਚ ਡਿਊਟੀਆਂ ਲਗਾ ਕੇ ਜਿਥੇ ਸਰਕਾਰਾਂ ਤੇ ਅਫ਼ਸਰਸ਼ਾਹੀ ਮਿਲ ਕੇ ਗਰੀਬ ਵਿਦਿਆਰਥੀਆਂ ਤੋਂ ਅਧਿਆਪਕਾਂ ਨੂੰ ਦੂਰ ਕਰਕੇ ਉਨ੍ਹਾਂ ਦੇ ਵਿਦਿਆ ਦੇ ਹੱਕ ਤੋਂ ਵਾਂਝਾ ਕਰ ਰਹੀ ਹੈ, ਉਥੇ ਸਰਕਾਰੀ ਸੈਕਟਰ ਦੇ ਖਿਲਾਫ਼ ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ਕਰ ਰਹੀ ਹੈ |