ਦਸੂਹਾ, 24 ਮਈ (ਭੁੱਲਰ)-ਪਿੰਡ ਬਸੋਆ ਵਿਖੇ ਮੱਲ੍ਹੀ ਪਰਿਵਾਰ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਜੀ. ਐੱਸ. ਮੱਲ੍ਹੀ ਦੀ ਅਗਵਾਈ ਹੇਠ ਪੀਰ ਮੀਰ ਸ਼ਾਹ ਦੀ ਦਰਗਾਹ ਵਿਖੇ ਕਰਵਾਇਆ ਸਾਲਾਨਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਬਤੌਰ ਮੁੱਖ ਮਹਿਮਾਨ ਤੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਤੇ ਤਲਵਾੜਾ ਤੋਂ ਧਾਰਮਿਕ ਸ਼ਖ਼ਸੀਅਤ ਮਾਤਾ ਨਰਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਜੋੜ ਮੇਲੇ ਆਪਸੀ ਫ਼ਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਦੇਸ਼ ਵਿਦੇਸ਼ ਵਿਚੋਂ ਆਈਆਂ ਸੰਗਤਾਂ ਦੀ ਹਾਜ਼ਰੀ ਵਿਚ ਢੋਲ ਨਗਾਰਿਆਂ ਦੀ ਥਾਪ 'ਤੇ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ | ਬਾਅਦ ਦੁਪਹਿਰ ਸੂਫ਼ੀਆਨਾ ਮਹਿਫ਼ਲ ਸੂਫ਼ੀ ਗਾਇਕ ਮਾਸਟਰ ਸਲੀਮ ਨੇ ਸੂਫ਼ੀਆਨਾ ਕਲਾਮ ਪੇਸ਼ ਕੀਤੀ ਤੇ ਸਰੋਤਿਆਂ ਨੂੰ ਕੀਲਿਆ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕੱਵਾਲ ਗਗਨ ਅਲੀ ਨੇ ਵੱਖਰਾ ਰੰਗ ਬੰਨਿ੍ਹਆ ਜਦ ਕਿ ਬੱਲੂ ਐਂਕਰ ਨੇ ਆਪਣੀ ਗਾਇਕੀ ਨਾਲ ਸਰੋਤੇ ਕੀਲੇ | ਮਾਸਟਰ ਸਲੀਮ ਨੇ ਆਪਣੇ ਮਕਬੂਲ ਸੂਫੀਆਨਾਂ ਗੀਤ ਗਾ ਕੇ ਮੇਲਾ ਲੁੱਟ ਲਿਆ | ਆਖ਼ਰ ਵਿਚ ਕਲਾਕਾਰਾਂ ਨੇ ਨਕਲਾਂ ਪੇਸ਼ ਕਰਕੇ ਸਰੋਤਿਆਂ ਦੇ ਟਿੱਡੀ ਪੀੜਾਂ ਪਾਈਆਂ | ਇਸ ਮੌਕੇ ਭੁਪਿੰਦਰ ਸਿੰਘ ਮੱਲ੍ਹੀ, ਦਵਿੰਦਰ ਸਿੰਘ ਮੱਲ੍ਹੀ, ਇੰਦਰਜੀਤ ਸਿੰਘ ਮੱਲ੍ਹੀ, ਇੰਦਰਜੀਤ ਸਿੰਘ ਮੱਲ੍ਹੀ, ਜੀ. ਐੱਸ. ਮੱਲ੍ਹੀ ਆਦਿ ਪ੍ਰਬੰਧਕਾਂ ਵਲੋਂ ਮਹਿਮਾਨਾਂ, ਸਹਿਯੋਗੀਆਂ, ਸੇਵਾਦਾਰਾਂ ਤੇ ਗਾਇਕਾਂ ਦਾ ਸਨਮਾਨ ਕੀਤਾ | ਸੰਗਤਾਂ ਨੂੰ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਵਰਤਾਏ ਗਏ | ਇਸ ਮੌਕੇ ਡਾ. ਸੁਖਵਿੰਦਰ ਸਿੰਘ, ਰਿੰਕੂ ਮਹਿਰਾ, ਮੋਨੂੰ ਕੈਂਥਾਂ, ਰਣਜੀਤ ਸਿੰਘ, ਕੁਲਦੀਪ ਸਿੰਘ, ਸਰਪੰਚ ਮਿੰਟਾ ਬਸੋਆ ਸਣੇ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਮੌਜੂਦ ਸਨ |