ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਵੱਖ-ਵੱਖ ਤਕਨੀਕੀ ਕਾਲਜਾਂ ਵਿਚ ਨਵੇਂ ਸੈਸ਼ਨ 'ਚ ਦਾਖਲਾ ਲੈਣ ਲਈ ਸ਼ੁਰੂ ਹੋਈ ਆਨਲਾਈਨ ਰਜਿਸਟਰੇਸ਼ਨ ਦੇ ਸੰਬੰਧ 'ਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਥਾਨਕ ਪੰਡਿਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਇੱਛੁਕ ਵਿਦਿਆਰਥੀਆਂ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜੋ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗਾ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਇੰਜੀਨੀਅਰਿੰਗ ਡਿਪਲੋਮਾ ਦੇ ਪਹਿਲੇ ਸਾਲ 'ਚ ਦਾਖਲਾ ਲੈ ਸਕਦੇ ਹਨ ਜਦਕਿ ਆਈ. ਟੀ. ਆਈ. (ਦੋ ਸਾਲ), 12ਵੀਂ ਵੋਕੇਸ਼ਨਲ, 12ਵੀਂ ਸਾਇੰਸ ਪਾਸ ਕਰ ਚੁੱਕੇ ਵਿਦਿਆਰਥੀ ਦੂਜੇ ਸਾਲ 'ਚ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਮੌਜੂਦ ਮੁਕਾਬਲੇਬਾਜ਼ੀ ਦੇ ਦੌਰ 'ਚ ਤਕਨੀਕੀ ਸਿੱਖਿਆ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ-ਨਾਲ ਵੱਖ-ਵੱਖ ਤਕਨੀਕੀ ਸਿੱਖਿਆ ਹਾਸਿਲ ਕਰਨ ਬਾਰੇ ਸਰਕਾਰੀ ਬਹੁਤਕਨੀਕੀ ਕਾਲਜ ਵਿਚ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਚਾਹਵਾਨ ਵਿਦਿਆਰਥੀਆਂ ਨੂੰ ਲਾਭ ਲੈਣਾ ਚਾਹੀਦਾ ਹੈ | ਕਾਲਜ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਬੇ ਭਰ ਵਿਚ ਚੱਲ ਰਹੇ ਤਕਨੀਕੀ ਕੋਰਸਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਗਾਈਡੈਂਸ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੈੱਲ ਵਲੋਂ ਕਾਲਜ ਵਿਖੇ ਚੱਲ ਰਹੇ ਵੱਖ-ਵੱਖ ਇੰਜੀਨੀਅਰਿੰਗ ਡਿਪਲੋਮਾ ਕੋਰਸਾਂ ਤੇ ਫਾਰਮੇਸੀ ਕੋਰਸਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਲਜ 'ਚ ਸਿਵਲ, ਇਲੈਕਟ੍ਰੀਕਲ, ਮਕੈਨੀਕਲ ਇੰਜੀਨੀਅਰਿੰਗ, ਈ. ਸੀ. ਈ., ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ (ਪਲਾਸਟਿਕ ਅਤੇ ਪੌਲੀਮਰ) ਤੇ ਫਾਰਮੇਸੀ ਡਿਪਲੋਮੇ ਦੇ ਕੋਰਸ ਚੱਲ ਰਹੇ ਹਨ |