ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਸ਼ਟਰੀ ਮਾਰਗ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਥਾਰਿਟੀ ਅਧੀਨ ਪੈਂਦੀਆਂ ਸੜਕਾਂ ਦੀ ਹਾਲਤ ਨੂੰ ਸੁਧਾਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ | ਰਾਸ਼ਟਰੀ ਮਾਰਗ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਰਾਸ਼ਟਰੀ ਮਾਰਗ ਅਥਾਰਿਟੀ ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਵਿਚ ਵੱਡੇ ਪੱਧਰ 'ਤੇ ਸੁਧਾਰ ਦੀ ਲੋੜ ਹੈ ਜਿਸ ਨੂੰ ਤਰਜੀਹ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਪਏ ਟੋਇਆਂ ਦਾ ਹੱਲ ਕਰਕੇ ਲੋਕਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸੜਕ ਦੀ ਪਿਛਲੇ ਸਮਿਆਂ ਦੌਰਾਨ ਤਰਸਯੋਗ ਹਾਲਤ ਨੂੰ ਸੁਧਾਰਨ ਲਈ 15 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਸਨ ਜਿਸ ਨਾਲ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਅਤੇ ਭਵਿੱਖ ਵਿਚ ਵੀ ਪੰਜਾਬ ਸਰਕਾਰ ਵੱਲੋਂ ਅਥਾਰਿਟੀ ਨੂੰ ਬਣਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਅਥਾਰਿਟੀ ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਵਿਚ ਸੁਧਾਰ ਕੀਤਾ ਜਾ ਸਕੇ | ਉਨ੍ਹਾਂ ਨੇ ਰਾਸ਼ਟਰੀ ਮਾਰਗ ਅਥਾਰਿਟੀ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਇਸ ਸੜਕ ਨੂੰ ਤਰਜੀਹ ਦੇ ਆਧਾਰ 'ਤੇ ਤਿਆਰ ਕੀਤਾ ਜਾਵੇ ਤਾਂ ਜੋ ਰੋਜ਼ਾਨਾ ਵੱਡੀ ਗਿਣਤੀ ਵਿਚ ਆਵਾਜਾਈ ਨੂੰ ਸਹੂਲਤ ਮਿਲ ਸਕੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਟਰੀ ਮਾਰਗ ਅਥਾਰਿਟੀ ਨੂੰ ਹਰ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਲੰਧਰ-ਹੁਸ਼ਿਆਰਪੁਰ-ਚੌਹਾਲ ਅਤੇ ਜਲੰਧਰ-ਊਨਾ ਰੋਡ ਦੇ ਨਿਰਮਾਣ ਅਤੇ ਮੁਰੰਮਤ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲ ਵੀ ਰੱਖਿਆ ਹੈ ਜਿਨ੍ਹਾਂ ਨੇ ਇਨ੍ਹਾਂ ਸੜਕਾਂ ਦੀ ਹਾਲਤ ਜਲਦ ਸੁਧਾਰਨ ਦਾ ਵੀ ਭਰੋਸਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਰਾਜ ਵਿਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 45,000 ਤੋਂ ਵੱਧ ਕਿੱਲੋਮੀਟਰ ਲੰਬੀਆਂ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਵਿਧਾਇਕ ਜਿੰਪਾ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਲੋਕਾਂ ਦੇ ਸੁਖਾਲੇ ਅਤੇ ਸੁਰੱਖਿਅਤ ਸਫ਼ਰ ਲਈ ਸੜਕਾਂ ਦੀ ਲੋੜੀਂਦੀ ਮੁਰੰਮਤ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਲਗਾਤਾਰ ਅਥਾਰਿਟੀ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਸੜਕਾਂ ਦੀ ਹਾਲਤ ਸੁਧਾਰਨ ਬਾਰੇ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ |