ਹਰਿਆਣਾ, 27 ਮਈ (ਹਰਮੇਲ ਸਿੰਘ ਖੱਖ)-ਪੰਜਾਬ ਅਤੇ ਖ਼ਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਖੇਤੀਬਾੜੀ ਮੁੱਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਈ ਰਿਸਰਚ ਐਂਡ ਐਕਸਟੈਨਸ਼ਨ ਕੌਂਸਲ ਦੀ ਉੱਚ ਪੱਧਰੀ ਮੀਟਿੰਗ ਵਿਚ ਬੜੇ ਜ਼ੋਰਦਾਰ ਢੰਗ ਨਾਲ ਉਠਾਏ ਗਏ | ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ | ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਡਾਇਰੈਕਟਰ ਖੇਤੀਬਾੜੀ ਪੰਜਾਬ, ਡਾਇਰੈਕਟਰ ਬਾਗ਼ਬਾਨੀ ਪੰਜਾਬ, ਚੀਫ਼ ਕਨਜ਼ਰਵੇਟਰ ਆਫ਼ ਸਾਇਲ ਪੰਜਾਬ, ਪਿ੍ੰਸੀਪਲ ਕਨਜ਼ਰਵੇਟਰ ਫਾਰੈਸਟ ਪੰਜਾਬ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਐਕਸਟੈਨਸ਼ਨ, ਰਜਿਸਟਰਾਰ, ਕੰਟਰੋਲਰ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ | ਇਸ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਰਿਸਰਚ ਅਤੇ ਐਕਸਟੈਨਸ਼ਨ ਕੌਂਸਲ ਦੇ ਫਾਰਮਰ ਮੈਂਬਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸਾਬਕਾ ਡਾਇਰੈਕਟਰ ਬਾਗ਼ਬਾਨੀ ਪੰਜਾਬ ਡਾ. ਗੁਰਕਮਲ ਸਿੰਘ, ਬਲਵਿੰਦਰ ਸਿੰਘ ਟਿੱਬਾ (ਮੁਕਤਸਰ), ਜਸਵੰਤ ਸਿੰਘ ਚੌਟਾਲਾ (ਹੁਸ਼ਿਆਰਪੁਰ), ਰੂਬਾਸ ਸਿੰਘ ਜਾਖੜ (ਫ਼ਿਰੋਜ਼ਪੁਰ), ਨੇਕ ਸਿੰਘ ਖੱਖ (ਪਟਿਆਲਾ), ਹਰਵਿੰਦਰ ਸਿੰਘ (ਸੰਗਰੂਰ), ਜਗਤਾਰ ਸਿੰਘ ਬਰਾੜ (ਬਠਿੰਡਾ) ਅਤੇ ਮੇਜਰ ਮਨਮੋਹਣ ਸਿੰਘ ਵੇਰਕਾ (ਅੰਮਿ੍ਤਸਰ) ਸਮੇਤ ਕਈ ਅਗਾਂਹਵਧੂ ਕਿਸਾਨਾਂ ਨੇ ਆਪਣੇ ਸੁਝਾਅ ਰੱਖੇ | ਇਸ ਮੌਕੇ ਹੁਸ਼ਿਆਰਪੁਰ ਦੇ ਉੱਘੇ ਬਾਗ਼ਬਾਨ ਅਤੇ ਰਿਸਰਚ ਕੌਂਸਲ ਦੇ ਮੈਂਬਰ ਜਸਵੰਤ ਸਿੰਘ ਚੌਟਾਲਾ ਨੇ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਫਾਰਮਰਜ਼ ਕਮਿਸ਼ਨ ਵੱਲੋਂ ਸੁਝਾਈ ਗਈ ਖੇਤੀਬਾੜੀ ਨੀਤੀ ਨੂੰ ਜਲਦ ਲਾਗੂ ਕਰਨ ਦੀ ਮੰਗ ਬੜੇ ਜ਼ੋਰਦਾਰ ਢੰਗ ਨਾਲ ਉਠਾਈ | ਇਸ ਮੌਕੇ ਡਾ. ਗੁਰਕਮਲ ਸਿੰਘ ਨੇ ਝੋਨੇ ਦੀ ਪਰਾਲੀ ਤੋਂ ਬਣਾਈ ਜਾਣ ਵਾਲੀ ਪਸ਼ੂਆਂ ਲਈ ਪੌਸ਼ਟਿਕ ਪੰਜੀਰੀ 'ਤੇ ਖੋਜ ਕਰਨ ਅਤੇ ਗਾਜਰ ਬੂਟੀ ਵਰਗੇ ਖ਼ਤਰਨਾਕ ਨਦੀਨਾਂ ਨੂੰ ਖ਼ਤਮ ਕਰਨ ਲਈ ਨਵੇਂ ਨਦੀਨਨਾਸ਼ਕ ਤਿਆਰ ਕਰਨ ਸਬੰਧੀ ਹੋਰ ਵਿਗਿਆਨਕ ਖੋਜ ਦੀ ਲੋੜ ਉੱਤੇ ਜ਼ੋਰ ਦਿੱਤਾ |