ਤਲਵਾੜਾ, 27 ਮਈ (ਮਹਿਤਾ)- ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟ ਵਧਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਆਪਣੇ ਦਫ਼ਤਰ ਵਿਖੇ ਕਿਹਾ ਕਿ ਕੀਮਤਾਂ ਵਧਣ ਨਾਲ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ | ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਨਾਲ ਬੱਸਾਂ ਦਾ ਕਿਰਾਇਆ ਵੀ ਵਧੇਗਾ, ਟੈਕਸੀ ਦਾ ਭਾੜਾ ਅਤੇ ਗੈੱਸ ਦੇ ਰੇਟ ਵਧਣ ਨਾਲ ਰਸੋਈ ਦਾ ਬਜਟ ਵੀ ਵੱਧ ਗਿਆ ਹੈ ਜਦੋਂ ਕਿ ਪਹਿਲੇ ਹੀ ਪੰਜਾਬ ਦੇ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ | ਇਸ ਆਰਥਿਕ ਮੰਦੀ ਕਰ ਕੇ ਹੀ ਸਭ ਲੋਕ ਮੁਸ਼ਕਲਾਂ 'ਚ ਫਸ ਗਏ ਹਨ ਜਦੋਂ ਕਿ ਵਪਾਰੀ ਵਰਗ, ਗ਼ਰੀਬ ਵਰਗ, ਮੱਧ ਵਰਗ, ਮੁਲਾਜ਼ਮ ਵਰਗ ਨੂੰ ਇਸ ਗਲ ਦੀ ਬਹੁਤ ਹੀ ਪ੍ਰੇਸ਼ਾਨੀ ਹੋ ਰਹੀ ਹੈ | ਸ੍ਰੀ ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿੱਲ ਸਕੇ | ਇਸ ਮੌਕੇ ਚੱਢਾ ਨਾਲ ਕੰਢੀ ਤੇ ਬੇਟ ਖੇਤਰ ਦੇ ਕਾਂਗਰਸੀ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ |