ਮੁਕੇਰੀਆਂ, 1 ਜੂਨ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ. ਏ./ਬੀ. ਐੱਡ. (ਚਾਰ ਸਾਲਾਂ ਕੋਰਸ) ਪੰਜਵੇਂ ਸਮੈਸਟਰ ਦੇ ਐਲਾਨੇ ਨਤੀਜਿਆਂ 'ਚ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਨੇ ਵਿਲੱਖਣ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਮੈਰਿਟ ਸੂਚੀ 'ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ | ਕਾਲਜ ਦੀ ਹੋਣਹਾਰ ਵਿਦਿਆਰਥਣ ਤਨੀਸ਼ਾ ਪਟਿਆਲ ਨੇ 89.2 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਦੂਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਪਿ੍ਯੰਕਾ ਨੇ 88.9 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਤੇ ਨਵਜੋਤ ਕੌਰ ਨੇ 87.2 ਫੀਸਦੀ ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦੀ ਸ਼ਾਨ ਵਿਚ ਵਾਧਾ ਕੀਤਾ | ਇਸ ਮਾਣਮੱਤੀ ਉਪਲਬਧੀ 'ਤੇ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਤੇ ਅਧਿਆਪਕਾਂ ਦੇ ਸੁਚੱਜੇ ਮਾਰਗਦਰਸ਼ਨ ਦਾ ਪ੍ਰਤੀਕ ਹਨ | ਉਨ੍ਹਾਂ ਨੇ ਕਿਹਾ ਕਿ ਕਾਲਜ ਦਾ ਸਿਹਤਮੰਦ ਅਤੇ ਪ੍ਰੇਰਣਾਦਾਇਕ ਵਿਦਿਅਕ ਮਾਹੌਲ ਵਿਦਿਆਰਥਣਾਂ ਨੂੰ ਉੱਚੀਆਂ ਉਡਾਰੀਆਂ ਭਰਨ ਲਈ ਉਤਸ਼ਾਹਿਤ ਕਰਦਾ ਹੈ | ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਸਮੂਹ ਟਰੱਸਟ ਮੈਂਬਰਾਂ ਨੇ ਵਿਦਿਆਰਥਣਾਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਕਾਲਜ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਹਰ ਖੇਤਰ ਵਿਚ ਅੱਗੇ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਟਰੱਸਟ ਤੇ ਕਾਲਜ ਸਟਾਫ਼ ਪੂਰੀ ਤਨਦੇਹੀ ਨਾਲ ਕਾਰਜ ਕਰ ਰਹੇ ਹਨ ਤੇ ਭਵਿੱਖ ਵਿਚ ਵੀ ਇਹ ਯਤਨ ਲਗਾਤਾਰ ਜਾਰੀ ਰਹਿਣਗੇ |