ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਵਾਸੀ ਵਿਜੇ ਕੁਮਾਰ ਰੱਤੀ ਨੇ 50 ਸਾਲ ਦੀ ਉਮਰ 'ਚ ਅਮਰੀਕਾ 'ਚ ਗਰੈਜੂਏਸ਼ਨ ਦੀ ਡਿਗਰੀ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ | ਵਿਜੇ ਕੁਮਾਰ ਰੱਤੀ ਨੇ ਟਾਪ ਕਰਕੇ ਆਨਰ ਹਾਸਿਲ ਕੀਤਾ | ਜ਼ਿਕਰਯੋਗ ਹੈ ਕਿ ਅਮਰੀਕਾ ਦੀ ਐਰੋਸਪੇਸ ਕੰਪਨੀ 'ਚ ਕੁਆਲਿਟੀ ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਵਿਜੇ ਕੁਮਾਰ ਰੱਤੀ ਨੇ 2018 'ਚ ਮੈਰਾਥਨ ਜਿੱਤ ਕੇ ਵੀ ਹੁਸ਼ਿਆਰਪੁਰ ਦਾ ਨਾਂਅ ਵਿਦੇਸ਼ 'ਚ ਰੌਸ਼ਨ ਕੀਤਾ ਸੀ | ਵਿਜੇ ਕੁਮਾਰ ਰੱਤੀ ਨੇ ਦੱਸਿਆ ਕਿ ਅਮਰੀਕਾ 'ਚ ਬਹੁਤ ਘੱਟ ਟਾਪਰ ਹੁੰਦੇ ਹਨ, ਕਿਉਂਕਿ ਸਾਰੇ ਵਿਦਿਆਰਥੀਆਂ ਦੇ ਨੰਬਰ ਇਕ ਦੂਜੇ ਦੇ ਨਜ਼ਦੀਕ ਹੀ ਹੁੰਦੇ ਹਨ ਅਤੇ ਇਥੇ ਜੀ. ਪੀ. ਏ. ਸਿਸਟਮ ਦੀ ਵਰਤੋਂ ਕੀਤਾ ਜਾਂਦੀ ਹੈ | ਜੋ ਵਿਦਿਆਰਥੀ ਕਿਸੇ ਵੀ ਸਮੈਸਟਰ 'ਚ 4 'ਚੋਂ 4 ਜੀ. ਪੀ. ਏ. ਹਾਸਿਲ ਕਰਦਾ ਹੈ ਉਸ ਨੰੂ ਆਨਰ ਸਟੂਡੈਂਟ ਕਿਹਾ ਜਾਂਦਾ ਹੈ | ਉਨ੍ਹਾਂ ਨੇ ਵੀ ਜੀ. ਪੀ. ਏ. ਹਾਸਿਲ ਕੀਤਾ ਸੀ ਤੇ ਜਿਸ ਦੇ ਚੱਲਦੇ ਉਨ੍ਹਾਂ ਨੂੰ ਆਨਰ ਮਿਲਿਆ | ਵਿਜੇ ਕੁਮਾਰ ਰੱਤੀ ਨੈਸ਼ਨਲ ਐਵਾਰਡੀ ਅਧਿਆਪਕ ਸੂਰਜ ਪ੍ਰਕਾਸ਼ ਰੱਤੀ ਤੇ ਨਾਇਬ ਤਹਿਸੀਲਦਾਰ ਵਰਿੰਦਰ ਕੁਮਾਰ ਰੱਤੀ ਦੇ ਛੋਟੇ ਭਰਾ ਹਨ |