ਹੁਸ਼ਿਆਰਪੁਰ, 5 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦਾ ਵਫ਼ਦ ਲੇਬਰ ਐਕਟ 1948 ਨੂੰ ਲਾਗੂ ਕਰਨ ਤੇ ਸਕਿੱਲਡ ਕਰਮਚਾਰੀਆਂ ਨੂੰ ਅਣਸਕਿੱਲਡ ਕੈਟਾਗਰੀ 'ਚ ਰੱਖ ਕੇ ਆਰਥਿਕ ਅਤੇ ਸਮਾਜਿਕ ਸੋਸ਼ਣ ਕਰਨ ਨੂੰ ਲੈ ਕੇ ਲੇਬਰ ਵਿਭਾਗ ਦੇ ਦਫ਼ਤਰ 'ਚ ਕੋਈ ਜ਼ਿੰਮੇਵਾਰ ਅਧਿਕਾਰੀ ਨਾ ਹੋਣ ਕਰਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਅਸ਼ੋਕ ਕੁਮਾਰ ਦੀ ਅਗਵਾਈ 'ਚ ਸੇਵਾਦਾਰ ਸੁਰਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਧੀਮਾਨ ਨੇ ਦੱਸਿਆ ਕਿ ਸਹਾਇਕ ਲੇਬਰ ਕਮਿਸ਼ਨਰ, ਇੰਸਪੈਕਟਰ ਗੁਰਦੇਵ ਸਿੰਘ ਵਾਧੂ ਚਾਰਜ (ਰੋਪੜ, ਹੁਸ਼ਿਆਰਪੁਰ, ਗੜ੍ਹਸ਼ੰਕਰ ਆਦਿ), ਇੰਸਪੈਕਟਰ ਰਣਦੀਪ ਸਿੰਘ ਵਾਧੂ ਚਾਰਜ (ਦਸੂਹਾ, ਮੁਕੇਰੀਆਂ, ਤਲਵਾੜਾ ਤੇ ਨਵਾਂਸ਼ਹਿਰ ਆਦਿ) ਅਤੇ ਸੁਪਰਡੈਂਟ ਛੁੱਟੀ 'ਤੇ ਹੋਣ ਕਾਰਨ ਦਫ਼ਤਰ 'ਚੋਂ ਕੰਮ ਕਰਵਾਉਣ ਆਉਂਦੇ ਮਜ਼ਦੂਰ ਜਮਾਤ ਨਾਲ ਸੰਬੰਧਿਤ ਮਜ਼ਦੂਰ ਵੀ ਨਿਰਾਸ਼ਾ ਲੈ ਕੇ ਘਰਾਂ ਨੂੰ ਵਾਪਸ ਜਾ ਰਹੇ ਸਨ | ਧੀਮਾਨ ਨੇ ਕਿਹਾ ਕਿ ਲੇਬਰ ਡਿਪਾਰਟਮੈਂਟ ਦੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਮਜ਼ਦੂਰ ਵਰਗ ਨਾਲ ਹੋ ਰਹੇ ਸ਼ੋਸ਼ਣ ਤੇ ਬੰਧੂਆ ਮਜ਼ਦੂਰਾਂ ਦੀ ਪ੍ਰਥਾ ਨੂੰ ਰੋਕਣਾ ਅਤੇ ਅਣਸਕਿਲਡ, ਸੈਮੀ-ਸਕਿਲਡ, ਸਕਿਲਡ ਅਤੇ ਹਾਈਲੀ-ਸਕਿਲਡ ਕਰਮਚਾਰੀ ਜਿਹੜੇ ਨਿੱਜੀ ਕੰਪਨੀਆਂ ਅਧੀਨ ਕੰਮ ਕਰਦੇ ਹਨ, ਉਨ੍ਹਾਂ ਦੀ ਲਗਾਤਾਰ ਚੈਕਿੰਗ ਕਰਨੀ ਆਦਿ ਸਭ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਜਦੋਂ ਦਫ਼ਤਰਾਂ ਵਿਚ ਸਟਾਫ਼ ਹੀ ਨਹੀਂ ਹੋਵੇਗਾ, ਫਿਰ ਕੰਮਾਂ ਦੇ ਚੰਗੇ ਨਤੀਜੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਕਦੋਂ ਹੱਲ ਹੋਣਗੀਆਂ | ਵਾਧੂ ਚਾਰਜ ਦੇਣੇ ਸਰਕਾਰੀ ਦੀ ਬਹੁਤ ਵੱਡੀ ਖ਼ਾਮੀ ਦਾ ਹਿੱਸਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ 'ਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਸਕਿਲਡ ਅਤੇ ਹਾਈਲੀ-ਸਕਿਲਡ ਕੈਟਾਗਰੀ ਅਧੀਨ ਤੁਰੰਤ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾਵੇ | ਇਸ ਮੌਕੇ ਸੁਰਜੀਤ ਕੁਮਾਰ, ਬਲਵਿੰਦਰ ਕੁਮਾਰ, ਕਸਤੂਰੀ ਲਾਲ ਆਦਿ ਹਾਜ਼ਰ ਸਨ |