ਤਲਵਾੜਾ, 6 ਜੂਨ (ਐੱਚ. ਐੱਸ. ਮਿੱਠੂ)-ਤਲਵਾੜਾ ਦੇ ਚੌਧਰੀ ਰਾਏ ਗਿਆਨ ਸਿੰਘ ਚੌਕ ਨਜ਼ਦੀਕ ਇਕ ਵੱਡਾ ਸੜਕ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਕਰੈਸ਼ਰ ਸਮਗਰੀ ਲੈ ਕੇ ਆ ਰਿਹਾ ਟਿੱਪਰ ਨੰਬਰ ਪੀ.ਬੀ. 03 ਬੀ.ਈ. 5386 ਅਚਾਨਕ ਬੇਕਾਬੂ ਹੋ ਗਿਆ | ਜਾਣਕਾਰੀ ਅਨੁਸਾਰ ਟਿੱਪਰ ਨੂੰ ਰਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਰਡ ਨੰਬਰ 3 ਬਰਨਾਲਾ ਵਾਸੀ ਚਲਾ ਰਿਹਾ ਸੀ | ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਤਲਵਾੜਾ ਦੇ ਹਲੇੜ ਨੇੜੇ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਟਿੱਪਰ ਦੀਆਂ ਬਰੇਕਾਂ ਫ਼ੇਲ੍ਹ ਹੋ ਗਈਆਂ ਹਨ | ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਉਸ ਨੇ ਟਿੱਪਰ ਨੂੰ ਸੜਕ ਦੇ ਡਿਵਾਈਡਰ ਉੱਪਰ ਚੜ੍ਹਾ ਦਿੱਤਾ, ਜਿਸ ਕਾਰਨ ਸੰਭਾਵਿਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ | ਬੇਕਾਬੂ ਹੋ ਕੇ ਡਿਵਾਈਡਰ ਉੱਪਰ ਚੜ੍ਹੇ ਟਿੱਪਰ ਨੂੰ ਭਾਰੀ ਨੁਕਸਾਨ ਪਹੁੰਚਿਆ | ਘਟਨਾ ਦੀ ਸੂਚਨਾ ਮਿਲਦੇ ਹੀ ਤਲਵਾੜਾ ਪੁਲਿਸ ਮੌਕੇ 'ਤੇ ਪਹੁੰਚ ਗਈ | ਇਸ ਦੌਰਾਨ ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਮਦਦ ਲਈ ਅੱਗੇ ਆ ਕੇ ਹਾਈਡਰਾ ਮਸ਼ੀਨ ਦੀ ਸਹਾਇਤਾ ਨਾਲ ਟਿੱਪਰ ਨੂੰ ਸੜਕ ਦੇ ਕਿਨਾਰੇ ਕਰਵਾਇਆ | ਜ਼ਖ਼ਮੀ ਡਰਾਈਵਰ ਨੂੰ ਤੁਰੰਤ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਇਲਾਜ ਲਈ ਭੇਜਿਆ, ਜਿਥੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਬਰੇਕ ਫ਼ੇਲ੍ਹ ਹੋਣ ਕਾਰਨ ਟਿੱਪਰ ਡਿਵਾਈਡਰ 'ਤੇ ਚੜਿ੍ਹਆ, ਵੱਡਾ ਹਾਦਸਾ ਹੋਣੋਂ ਟਲਿਆ
ਅਜੀਤ ਡੈਸਕ
07-06-2026