ਭੰਗਾਲਾ, 6 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ | ਅੱਡਾ ਮੁਸ਼ਾਹਿਬਪੁਰ ਵਿਖੇ ਇਕ ਪ੍ਰਾਈਵੇਟ ਸਕੂਲ ਦੇ ਨੇੜੇ ਇਕ ਕੰਟੇਨਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਨਾਲੇ ਦੀ ਪੁਲੀਆ ਤੋੜਦਾ ਹੋਇਆ ਹੇਠਾਂ ਜਾ ਡਿੱਗਿਆ ਅਤੇ ਪਲਟ ਗਿਆ | ਹਾਦਸੇ ਦੀ ਜ਼ੋਰਦਾਰ ਆਵਾਜ਼ ਸੁਣ ਕੇ ਨੇੜਲੇ ਖੇਤਾਂ 'ਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਮੌਕੇ 'ਤੇ ਪਹੁੰਚੇ ਉਨ੍ਹਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਕੰਟੇਨਰ ਵਿਚ ਫਸੇ ਚਾਲਕ ਤੇ ਸਹਿ-ਚਾਲਕ ਨੂੰ ਬਾਹਰ ਕੱਢਿਆ | ਜ਼ਖ਼ਮੀ ਚਾਲਕ ਦੀ ਪਛਾਣ ਅਨਿਲ ਪੁੱਤਰ ਰਾਮ ਕੁਮਾਰ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਕੰਟੇਨਰ ਗੁਰੂਗ੍ਰਾਮ ਤੋਂ ਸਾਂਬਾ ਵੱਲ ਜਾ ਰਿਹਾ ਸੀ | ਹਾਦਸੇ 'ਚ ਚਾਲਕ ਅਤੇ ਸਹਿ-ਚਾਲਕ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ | ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਲੇ ਇਲਾਜ ਲਈ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ | ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ |
ਨਾਲੇ ਦੀ ਪੁਲੀ ਤੋੜ ਕੇ ਪਲਟਿਆ ਕੰਟੇਨਰ, ਚਾਲਕ ਤੇ ਸਹਿ-ਚਾਲਕ ਜ਼ਖ਼ਮੀ
ਅਜੀਤ ਡੈਸਕ
07-06-2026