ਹੁਸ਼ਿਆਰਪੁਰ, 6 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਬੱਚਿਆਂ ਲਈ ਸਮਰ ਕੈਂਪ 8 ਤੋਂ 25 ਜੂਨ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਐਚ. ਡੀ. ਸੀ. ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਚਾਹਵਾਨ ਖਿਡਾਰੀ ਐਚ. ਡੀ. ਸੀ. ਏ. ਮੈਦਾਨ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ 8 ਜੂਨ ਤੱਕ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੈਂਪ 'ਚ ਕੌਮੀ ਪੱਧਰੀ ਕੋਚ ਤੇ ਟਰੇਨਰ ਬੱਚਿਆਂ ਨੂੰ ਕ੍ਰਿਕਟ ਦੀਆਂ ਬਰੀਕੀਆਂ ਸਿਖਾਉਣਗੇ | ਕੈਂਪ ਦੀ ਸਮਾਪਤੀ 'ਤੇ ਬੱਚਿਆਂ ਦੀਆਂ ਟੀਮਾਂ ਬਣਾ ਕੇ ਕ੍ਰਿਕਟ ਮੈਚ ਵੀ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਕੈਂਪ 'ਚ ਹਿੱਸਾ ਲੈਣ ਵਾਲੇ ਸਾਰੇ ਰਜਿਸਟਰਡ ਖਿਡਾਰੀਆਂ ਨੂੰ ਸਿਖਲਾਈ ਸਰਟੀਫਿਕੇਟ ਦੇ ਨਾਲ-ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਐਚ. ਡੀ. ਸੀ. ਏ. ਪ੍ਰਧਾਨ ਡਾ. ਦਲਜੀਤ ਖੇਲਾ ਨੇ ਜ਼ਿਲ੍ਹੇ ਦੇ ਬੱਚਿਆਂ ਨੂੰ ਕੈਂਪ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਚ. ਡੀ. ਸੀ. ਏ. ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਡਾ. ਪੰਕਜ ਸ਼ਿਵ, ਵਿਵੇਕ ਸਾਹਨੀ, ਠਾਕੁਰ ਯੋਗਰਾਜ ਨੇ ਦੱਸਿਆ ਕਿ ਕੈਂਪ 'ਚ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ, ਪ੍ਰਵੀਨ ਚਿੰਟੂ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਕ੍ਰਿਕਟ ਸਿਖਲਾਈ ਤੇ ਫਿਟਨੈਸ ਸੰਬੰਧੀ ਦੱਸਿਆ ਜਾਵੇਗਾ |