ਹੁਸ਼ਿਆਰਪੁਰ, 6 ਜੂਨ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਲੋਂ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਮੌਕੇ ਵਾਤਾਵਰਨ ਸੰਭਾਲ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਵਰਗਾਂ ਅਨੁਸਾਰ ਆਨਲਾਈਨ ਗਤੀਵਿਧੀਆਂ ਕਰਵਾਈਆਂ ਗਈਆਂ | ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਾਤਾਵਰਨ ਨਾਲ ਸੰਬੰਧਿਤ ਕਵਿਤਾਵਾਂ ਸੁਣਾ ਕੇ ਕੁਦਰਤ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ | ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੁਰਾਣੇ ਕੱਪੜਿਆਂ ਤੋਂ ਉਪਯੋਗੀ ਵਸਤੂਆਂ ਤਿਆਰ ਕਰਕੇ 'ਰੀਯੂਜ਼ ਅਤੇ ਰੀਸਾਈਕਲ' ਦਾ ਸੰਦੇਸ਼ ਦਿੱਤਾ | ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਾਤਾਵਰਨ ਸੰਬੰਧੀ ਦਿੱਤੀ ਵਿਸ਼ਿਆਂ 'ਤੇ ਪ੍ਰਾਜੈਕਟ ਤਿਆਰ ਕਰਕੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ: ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਘਰ 'ਚ ਮੌਜੂਦ ਫ਼ਾਲਤੂ ਚੀਜ਼ਾਂ ਪਲਾਸਟਿਕ, ਪੁਰਾਣੇ ਕੱਪੜੇ, ਕੱਚ ਦਾ ਸਾਮਾਨ ਆਦਿ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾ ਸਕਦੇ ਹਾਂ | ਵਿਦਿਆਰਥੀਆਂ 'ਚ ਇਹੋ ਜਿਹੇ ਹੁਨਰ ਨੂੰ ਵਿਕਸਿਤ ਕਰਨ ਲਈ ਇਹ ਗਤੀਵਿਧੀ ਕਰਵਾਈ ਗਈ ਤਾਂ ਜੋ ਉਹ ਰੀ-ਯੂਜ਼ ਤੇ ਰੀ-ਸਾਈਕਲ ਦਾ ਮਹੱਤਵ ਸਮਝ ਸਕਣ | ਇਸ ਮੌਕੇ ਪਿ੍ੰ. ਅਸ਼ਵਨੀ ਕੁਮਾਰ, ਪਿ੍ੰ. ਜਗਮੀਤ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਘਟਾਉਣ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਗਤੀਵਿਧੀਆਂ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਇਆ | ਉਨ੍ਹਾਂ ਸਾਰੇ ਭਾਗੀਦਾਰ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ 'ਚ ਵੀ ਅਜਿਹੀਆਂ ਸਮਾਜਿਕ ਤੇ ਵਾਤਾਵਰਣਕ ਗਤੀਵਿਧੀਆਂ 'ਚ ਸਰਗਰਮ ਰਹਿਣ ਦਾ ਸੰਦੇਸ਼ ਦਿੱਤਾ |