ਚੱਬੇਵਾਲ, 6 ਜੂਨ (ਰਾਜੀਵ ਭਾਰਦਵਾਜ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਈ ਖੇਡ ਮੈਦਾਨਾਂ ਦੇ ਚੁਫੇਰੇ ਲੱਖਾਂ ਰੁਪਏ ਖ਼ਰਚ ਕੇ ਲਾਈਟਾਂ ਲਗਵਾਈਆਂ ਗਈਆਂ ਹਨ ਤਾਂ ਜੋ ਰਾਤ ਸਮੇਂ ਵੀ ਖੇਡ ਪ੍ਰੇਮੀ ਆਪਣੀ ਖੇਡ ਦਾ ਅਭਿਆਸ ਕਰ ਸਕਣ, ਪਰ ਚੱਬੇਵਾਲ ਖੇਡ ਮੈਦਾਨ 'ਚ ਸਰਕਾਰ ਵਲੋਂ ਲਗਾਈਆਂ ਗਈਆਂ ਲਾਈਟਾਂ ਦਾ ਉਦਘਾਟਨ ਹੋਏ ਨੂੰ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਇਸ ਦੇ ਬਾਵਜੂਦ ਖੇਡ ਮੈਦਾਨ 'ਚ ਹਨੇਰਾ ਹੀ ਛਾਇਆ ਰਹਿੰਦਾ ਹੈ | ਜਾਣਕਾਰੀ ਦਿੰਦੇ ਹੋਏ ਫੁੱਟਬਾਲ ਦੇ ਖਿਡਾਰੀ ਅਮਨਦੀਪ ਸਿੰਘ, ਮਨਕੀਰਤ ਸਿੰਘ, ਗੁਲਰਾਜ ਸਿੰਘ, ਸਿਮਰਨਜੀਤ ਸਿੰਘ,ਤਰਨਜੋਤ ਸਿੰਘ ਤੇ ਮੁਨੀਸ਼ ਬੱਧਣ ਨੇ ਦੱਸਿਆ ਕਿ ਚੱਬੇਵਾਲ ਖੇਡ ਮੈਦਾਨ ਦੇ ਚੁਫੇਰੇ ਅੱਠ ਵੱਡੇ ਪੋਲ ਲਗਾਏ ਗਏ ਹਨ ਅਤੇ ਹਰ ਪੋਲ ਤੇ ਦੋ ਦੋ ਲਾਈਟਾਂ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਲਾਈਟਾਂ ਲੱਗਣ ਕਰਕੇ ਉਨ੍ਹਾਂ ਨੇ ਸ਼ਾਮ ਨੂੰ ਫੁੱਟਬਾਲ ਦੀ ਖੇਡ ਦਾ ਅਭਿਆਸ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਜਦੋਂ ਉਹ ਲਾਈਟਾਂ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਨ੍ਹਾਂ 'ਚੋਂ ਅੱਧੀਆਂ ਲਾਈਟਾਂ ਹੀ ਜਗਦੀਆਂ ਹਨ ਅਤੇ ਜੇਕਰ ਉਹ ਸਾਰੀਆਂ ਲਾਈਟਾਂ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਲਾਈਟਾਂ ਝਪਕਣ ਲਗਦੀਆਂ ਹਨ ਤੇ ਬੰਦ ਹੋ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸੇ ਕਰਕੇ ਉਹ ਹਰ ਰੋਜ਼ ਅੱਧੀਆਂ ਭਾਵ ਚਾਰ ਪੋਲਾਂ ਦੀਆਂ ਲਾਈਟਾਂ ਜਗਾ ਕੇ ਹੀ ਖੇਡਣ ਦੀ ਕੋਸ਼ਿਸ਼ ਕਰਦੇ ਹਨ | ਅਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਇਨ੍ਹਾਂ ਲਾਈਟਾਂ ਨੂੰ ਮੱਦੇ ਨਜ਼ਰ ਰੱਖ ਕੇ ਚੱਬੇਵਾਲ ਦੇ ਖੇਡ ਮੈਦਾਨ ਵਿਚ ਰਾਤ ਨੂੰ ਫੁੱਟਬਾਲ ਦਾ ਟੂਰਨਾਮੈਂਟ ਕਰਵਾਉਣਾ ਹੋਵੇ ਤਾਂ ਬਿਲਕੁਲ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 31.5 ਲੱਖ ਖ਼ਰਚ ਕੇ ਵੀ ਜੇਕਰ ਖੇਡ ਮੈਦਾਨ 'ਚ ਹਨੇਰੀ ਹੀ ਰਹਿਣਾ ਸੀ ਤਾਂ ਇੰਨੇ ਪੈਸੇ ਖ਼ਰਾਬ ਕਰਨ ਦੀ ਕੀ ਲੋੜ ਸੀ | ਇਸ ਸੰਬੰਧ 'ਚ ਇਲੈਕਟ੍ਰੀਕਲ ਇੰਜੀਨੀਅਰ ਪਰਿੱਤਪਾਲ ਸਿੰਘ ਨੇ ਦੱਸਿਆ ਕਿ ਲਾਈਟਾਂ ਨੂੰ ਜਾਣ ਵਾਲੀ ਤਾਰ ਕਮਜ਼ੋਰ ਹੋਣ ਕਰਕੇ ਲਾਈਟਾਂ ਝਪਕ ਰਹੀਆਂ ਹਨ ਅਤੇ ਜੇਕਰ ਤਾਰ ਲਾਈਟਾਂ ਦੀ ਪਾਵਰ ਦੇ ਹਿਸਾਬ ਨਾਲ ਪਾਈ ਹੁੰਦੀ ਤਾਂ ਇਸ ਤਰ੍ਹਾਂ ਨਹੀਂ ਹੋਣਾ ਸੀ |