ਸ਼ਾਮਚੁਰਾਸੀ, 6 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਸੰਬੰਧੀ ਪ੍ਰਸ਼ਾਸਨ ਵਲੋਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਰਿਟਰਨਿੰਗ ਅਫ਼ਸਰ ਤਜਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਤੇ ਇੰਲੈਕਸ਼ਲ ਸੈੱਲ ਇੰਚਾਰਜ ਸੁਖਦੇਵ ਸਿੰਘ ਕਾਜਲ ਨੇ ਦੱਸਿਆ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀਆਂ ਰਿਹਰਸਲਾਂ ਦਾ ਪ੍ਰੋਗਰਾਮ ਤੈਅ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਸੰਬੰਧੀ 7 ਜੂਨ ਤੇ 10 ਜੂਨ ਨੂੰ ਲਾਇਲਪੁਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸ਼ਾਮਚੁਰਾਸੀ ਵਿਖੇ ਚੋਣ ਅਮਲੇ ਦੀ ਵਿਸ਼ੇਸ਼ ਰਿਹਰਸਲ ਕਰਵਾਈ ਜਾਵੇਗੀ | ਚੋਣ ਡਿਊਟੀ 'ਚ ਕੁੱਲ 135 ਚੋਣ ਅਮਲੇ ਦੇ ਅਧਿਕਾਰੀ ਅਤੇ ਮੁਲਾਜ਼ਮ ਭਾਗ ਲੈ ਰਹੇ ਹਨ, ਜਿਨ੍ਹਾਂ ਨੂੰ ਈ. ਵੀ. ਐਮ. ਮਸ਼ੀਨਾਂ ਚਲਾਉਣ ਅਤੇ ਚੋਣ ਨਾਲ ਸੰਬੰਧਿਤ ਹੋਰ ਸਮਗਰੀ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ ਜਾਵੇਗੀ | ਇਲੈੱਕਸ਼ਨ ਇੰਚਾਰਜ ਸੁਖਦੇਵ ਸਿੰਘ ਕਾਜਲ ਨੇ ਅੱਗੇ ਦੱਸਿਆ ਕਿ ਇਹ ਚੋਣਾਂ ਏ. ਡੀ. ਸੀ. (ਵਿਕਾਸ) ਤੇ ਐੱਸ. ਡੀ. ਐੱਮ. ਹੁਸ਼ਿਆਰਪੁਰ ਪਰਮਪ੍ਰੀਤ ਸਿੰਘ ਦੀ ਮੁੱਖ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ, ਜੋ ਖ਼ੁਦ ਸਮੇਂ-ਸਮੇਂ 'ਤੇ ਇਸ ਚੋਣ ਸੰਬੰਧੀ ਪ੍ਰਬੰਧਾਂ ਦਾ ਬਰੀਕੀ ਨਾਲ ਨਿਰੀਖਣ ਕਰ ਰਹੇ ਹਨ |