ਸ਼ਾਮਚੁਰਾਸੀ, 6 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਕਸਬਾ ਸ਼ਾਮਚੁਰਾਸੀ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਤਹਿਤ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ ਪਵਨ ਕੁਮਾਰ ਆਦੀਆ ਤੇ ਉਨ੍ਹਾਂ ਦੀ ਧਰਮ-ਪਤਨੀ ਕੁਸਮ ਆਦੀਆ ਨੇ ਆਪਣੀ ਸਮੁੱਚੀ ਟੀਮ ਸਮੇਤ ਚੋਣ ਪ੍ਰਚਾਰ ਦੀ ਕਮਾਨ ਖ਼ੁਦ ਸੰਭਾਲ ਲਈ ਹੈ | ਇਸ ਮੌਕੇ ਵਾਰਡ ਨੰਬਰ 8 ਤੋਂ ਕਾਂਗਰਸ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਚੋਣ ਪ੍ਰਚਾਰ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪਵਨ ਕੁਮਾਰ ਆਦੀਆ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਮਚੁਰਾਸੀ ਦੇ ਸਰਬਪੱਖੀ ਵਿਕਾਸ, ਪ੍ਰਸ਼ਾਸਨਿਕ ਪਾਰਦਰਸ਼ਤਾ ਤੇ ਲੋਕ-ਹਿਤ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਆਪਣਾ ਕੀਮਤੀ ਸਮਰਥਨ ਦੇਣ ਤੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜੇਤੂ ਬਣਾਉਣ | ਇਸ ਮੌਕੇ ਸੁੱਖਾ ਸੂਸਾਂ ਵਾਲਾ, ਕਮਲਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਲਜਿੰਦਰ ਸੋਹਲ, ਬਲਜਿੰਦਰ ਕੌਰ, ਹੀਰਾ ਲਾਲ, ਪਰਮਿੰਦਰ ਕੁਮਾਰ ਸੋਹਣ ਲਾਲ, ਧਰਮਿੰਦਰ ਸਿੰਘ, ਸੁਰਜੀਤ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ, ਵਰਕਰ ਤੇ ਸਥਾਨਕ ਪਤਵੰਤੇ ਸੱਜਣ ਹਾਜ਼ਰ ਸਨ |