ਤਲਵਾੜਾ, 8 ਜੂਨ (ਐਚ. ਐਸ. ਮਿੱਠੂ)-ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਸੇਵਾਵਾਂ ਰੈਗੂਲਰ ਤੇ ਸੱਤ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ 9ਵੇਂ ਦਿਨ 'ਚ ਪ੍ਰਵੇਸ਼ ਕਰ ਗਈ ਹੈ | ਸਥਾਨਕ ਇਕਾਈ ਦੇ ਮੈਂਬਰਾਂ ਨੇ ਜ਼ਿਲ੍ਹਾ ਉਪ ਪ੍ਰਧਾਨ ਏ. ਪੀ. ਓ. ਮੋਹਿਤ ਕੁਮਾਰ ਦੀ ਅਗਵਾਈ ਹੇਠ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੂੰ ਮੰਗ-ਪੱਤਰ ਦਿੱਤਾ | ਯੂਨੀਅਨ ਆਗੂ ਸ਼ਾਮ ਲਾਲ ਰਜਵਾਲ, ਟੀ. ਏ. ਨਿਰਭਕਾਰ ਸਿੰਘ, ਏ. ਪੀ. ਓ. ਵਿਲਿਅਮ ਮਸੀਹ ਨੇ ਦੱਸਿਆ ਕਿ ਕੇਂਦਰ ਸਰਕਾਰ ਮਨਰੇਗਾ ਯੋਜਨਾ ਨਿਰੱਸਤ ਕਰਕੇ ਪਹਿਲੀ ਜੁਲਾਈ ਤੋਂ ਵੀ.ਬੀ.ਜੀ ਰਾਮ ਜੀ ਯੋਜਨਾ ਲਾਗੂ ਕਰਨ ਜਾ ਰਹੀ ਹੈ | ਨਵੀਂ ਯੋਜਨਾ 'ਚ ਮਨਰੇਗਾ ਕਰਮਚਾਰੀਆਂ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਉਨ੍ਹਾਂ ਦੇ ਭਵਿੱਖ 'ਤੇ ਤਲਵਾਰ ਲਟਕ ਗਈ ਹੈ | ਲੋੜੀਂਦੇ ਫ਼ੰਡ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ | ਅੱਤ ਦੀ ਮਹਿੰਗਾਈ 'ਚ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਅÏਖਾ ਹੋ ਗਿਆ ਹੈ | ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮਨਰੇਗਾ ਕਰਮਚਾਰੀਆਂ ਨੂੰ ਪੰਚਾਇਤੀ ਵਿਭਾਗ 'ਚ ਮਰਜ਼ ਅਤੇ ਬਕਾਇਆ ਤਨਖ਼ਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ | ਓਧਰ ਮਨਰੇਗਾ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਕਾਰਨ ਪਿੰਡਾਂ 'ਚ ਵਿਕਾਸ ਕਾਰਜ ਠੱਪ ਪੈ ਗਏ ਹਨ, ਮਨਰੇਗਾ ਵਰਕਰਾਂ ਮੂਹਰੇ ਵੀ ਰੁਜ਼ਗਾਰ ਦਾ ਸੰਕਟ ਪੈਦਾ ਹੋ ਗਿਆ ਹੈ | ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਕੁਮਾਰ ਨੇ ਦੱਸਿਆ ਕਿ ਯੂਨੀਅਨ ਆਗੂਆਂ ਦੀ 10 ਤਰੀਕ ਨੂੰ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਹੈ | ਮੀਟਿੰਗ ਉਪਰੰਤ ਹੀ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ | ਯੂਨੀਅਨ ਦੇ ਵਫ਼ਦ ਨੇ ਵਿਧਾਇਕ ਘੁੰਮਣ ਨੂੰ ਮੰਗ-ਪੱਤਰ ਸੌਂਪਿਆ | ਉਨ੍ਹਾਂ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ |
ਮਨਰੇਗਾ ਕਰਮਚਾਰੀ ਯੂਨੀਅਨ ਦੀ ਕਲਮ ਛੋੜ ਹੜਤਾਲ ਜਾਰੀ
ਅਜੀਤ ਡੈਸਕ
09-06-2026