ਭੰਗਾਲਾ, 11 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਸੇਵਾਵਾਂ ਰੈਗੂਲਰ ਤੇ ਸੱਤ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ | ਸਥਾਨਕ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਕੌਰ, ਕਾਰਜਕਾਰਨੀ ਪ੍ਰਧਾਨ ਮੋਹਿਤ ਕੁਮਾਰ ਦੀ ਅਗਵਾਈ ਹੇਠ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪ੍ਰੋਫੈਸਰ ਜੀ. ਐਸ. ਮੁਲਤਾਨੀ ਨੂੰ ਮੰਗ-ਪੱਤਰ ਦਿੱਤਾ | ਯੂਨੀਅਨ ਦੇ ਆਗੂ ਬਲਾਕ ਪ੍ਰਧਾਨ ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਰਜਤ ਸ਼ਰਮਾ, ਸੁਨੀਲ ਸ਼ਰਮਾ, ਵਿਕਾਸ ਸਿੰਘ, ਸੁਨੀਲ ਕੁਮਾਰ, ਅਨੀਤਾ ਕੁਮਾਰੀ, ਪ੍ਰੇਮ ਸਿੰਘ ਰੰਧਾਵਾ ਆਦਿ ਨੇ ਦੱਸਿਆ ਕਿ ਸਰਕਾਰ ਮਨਰੇਗਾ ਯੋਜਨਾ ਨਿਰੱਸਤ ਕਰਕੇ ਪਹਿਲੀ ਜੁਲਾਈ ਤੋਂ ਵੀ. ਬੀ. ਜੀ ਰਾਮ ਯੋਜਨਾ ਲਾਗੂ ਕਰਨ ਜਾ ਰਹੀ ਹੈ | ਨਵੀਂ ਯੋਜਨਾ 'ਚ ਮਨਰੇਗਾ ਕਰਮਚਾਰੀਆਂ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਉਨ੍ਹਾਂ ਦੇ ਭਵਿੱਖ 'ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ | ਲੋੜੀਂਦੇ ਫ਼ੰਡ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਪਿੱਛੋਂ ਸੱਤ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ | ਅੰਤ ਦੀ ਮਹਿੰਗਾਈ 'ਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ | ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮਨਰੇਗਾ ਕਰਮਚਾਰੀਆਂ ਨੂੰ ਪੰਚਾਇਤ ਵਿਭਾਗ 'ਚ ਮਰਜ਼ ਅਤੇ ਬਕਾਇਆ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਪ੍ਰੋਫੈਸਰ ਜੀ. ਐਸ. ਮੁਲਤਾਨੀ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ |