ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿਚ ਲਗਾਤਾਰ ਵਾਧੇ ਅਤੇ ਹੀਟ ਵੇਵ (ਲੂ) ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਲੋਕਾਂ ਲਈ ਵਿਸਥਾਰਪੂਰਵਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਅਤੇ ਲੂ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ | ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜਦੋਂ ਵਾਤਾਵਰਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਇਸ ਨੂੰ ਹੀਟ ਵੇਵ ਦੀ ਸਥਿਤੀ ਮੰਨਿਆ ਜਾਂਦਾ ਹੈ | ਅਜਿਹੀ ਸਥਿਤੀ ਵਿਚ ਸਰੀਰ ਦੀ ਕੁਦਰਤੀ ਤਾਪਮਾਨ ਨਿਯੰਤਰਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਵਿਅਕਤੀ ਲੂ ਜਾਂ ਗਰਮੀ ਨਾਲ ਸੰਬੰਧਿਤ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੂਨ ਦੌਰਾਨ ਲੂ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ | ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਨੇਹਾ ਪਾਲ ਨੇ ਦੱਸਿਆ ਕਿ ਹੀਟ ਵੇਵ ਦੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 6 ਬੈੱਡਾਂ ਵਾਲਾ ਵਿਸ਼ੇਸ਼ ਹੀਟ ਸਟੋ੍ਰਕ ਵਾਰਡ ਸਥਾਪਿਤ ਕੀਤਾ ਗਿਆ ਹੈ | ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲੂ ਲੱਗ ਜਾਵੇ ਤਾਂ ਉਸ ਨੂੰ ਤੁਰੰਤ ਠੰਢੀ ਜਗ੍ਹਾ 'ਤੇ ਲਿਜਾਇਆ ਜਾਵੇ, ਕੱਪੜੇ ਢਿੱਲੇ ਕੀਤੇ ਜਾਣ, ਗਿੱਲੇ ਤੌਲੀਏ ਜਾਂ ਕੱਪੜੇ ਸਰੀਰ 'ਤੇ ਰੱਖੇ ਜਾਣ ਅਤੇ ਪੱਖੇ ਨਾਲ ਹਵਾ ਦਿੱਤੀ ਜਾਵੇ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਨੇ ਕਿਹਾ ਕਿ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ |