ਭੰਗਾਲਾ, 18 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਭੰਗਾਲਾ ਤੇ ਆਸ-ਪਾਸ ਦੇ ਖੇਤਰ ਅੰਦਰ ਬੁਲਟ ਦੇ ਵੱਡੇ ਸਿਲੰਸਰਾਂ ਤੋਂ ਵੱਜਦੇ ਪਟਾਕਿਆਂ ਦੀ ਕੰਨ ਪਾੜੂ ਆਵਾਜ਼ ਨੇ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਉੱਚੀ ਉੱਚੀ ਪਟਾਕੇ ਮਾਰਦੇ ਨੌਜਵਾਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਥੇ ਫ਼ੂਕ ਕੱਢ ਹੋਈ ਹੈ, ਉਥੇ ਹੀ ਆਵਾਜ਼ ਪ੍ਰਦੂਸ਼ਣ ਕਾਰਨ ਪਿੰਡਾਂ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਆਮ ਲੋਕ ਡਾਢੇ ਪ੍ਰੇਸ਼ਾਨ ਹਨ। ਇਸ ਪ੍ਰਤੀ ਪੁਲਿਸ ਪ੍ਰਸ਼ਾਸਨ ਗੰਭੀਰ ਨਾ ਹੋਣ ਕਰਕੇ ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭੰਗਾਲਾ, ਮੁਕੇਰੀਆਂ ਤੇ ਹਰਸੇ ਮਾਨਸਰ ਵਿਖੇ ਪੁਲਿਸ ਦੇ ਪੱਕੀ ਨਾਕਾਬੰਦੀ ਕੀਤੀ ਹੋਈ ਹੈ ਪਰ ਬਾਵਜੂਦ ਇਸ ਦੇ ਬੁਲਟ ‘ਤੇ ਪਟਾਕਿਆਂ ਮਾਰਨ ਮਾਰਨ ਵਾਲਿਆਂ ਦੇ ਹੌਂਸਲੇ ਬੁਲੰਦ ਹਨ। ਪ੍ਰਸ਼ਾਸਨਿਕ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੇ। ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਨੌਜਵਾਨਾਂ ਨੇ ਜਿਆਦਾਤਰ ਰਿਹਾਇਸ਼ੀ ਇਲਾਕਿਆਂ ਦੀਆਂ ਗਲੀਆਂ ਵਿਚ ਪਟਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਨੌਜਵਾਨ ਨਵਾਂ ਬੁਲਟ ਮੋਟਰਸਾਈਕਲ ਖ਼ਰੀਦਣ ਤੋਂ ਬਾਅਦ ਮੋਟਰਸਾਈਕਲ ਨੂੰ ਮਕੈਨਿਕ ਕੋਲ ਲੈ ਜਾਂਦੇ ਹਨ, ਉਸ ਦਾ ਸਾਈਲੈਂਸਰ ਬਦਲਾ ਦਿੰਦੇ ਹਨ। ਇਸ ਤੋਂ ਇਲਾਵਾ ਬੁਲਟ ਦੇ ਦੋਵੇਂ ਪਾਸੇ ਦੇ ਵੱਡੇ ਪੈ੍ਸ਼ਰ ਹਾਰਨ ਵੀ ਲਗਾਏ ਜਾ ਰਹੇ ਹਨ। ਭੰਗਾਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਬੁਲਟ ਮੋਟਰਸਾਈਕਲ ‘ਤੇ ਉੱਚੀ ਉੱਚੀ ਪਟਾਕੇ ਅਤੇ ਪ੍ਰੈਸ਼ਰ ਹਾਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।