ਬੀਣੇਵਾਲ, 18 ਜੂਨ (ਬੈਜ ਚੌਧਰੀ)-ਬੇਸ਼ੱਕ ਪੰਜਾਬ ਵਿਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਹੈ। ਖ਼ਬਰ ਬੇਸ਼ੱਕ ਹੈਰਾਨੀ ਵਾਲੀ ਹੈ ਪਰ ਹੈ ਇਕ ਦਮ ਸੱਚੀ । ਇਹ ਇਕ ਅਜਿਹਾ ਕਰਮਚਾਰੀ ਹੈ ਜੋ ਕਿ ਹੇਠਲੇ ਪੱਧਰ ‘ਤੇ ਕਥਿਤ ਤੌਰ ‘ਤੇ ਮਿਲੀ ਭੁਗਤ ਕਰਕੇ 73 ਸਾਲ ਦੀ ਉਮਰ ਵਿਚ ਵੀ ਨੌਕਰੀ ਕਰ ਰਿਹਾ ਦੱਸਿਆ ਜਾਂਦਾ ਹੈ। ਇਕੱਤਰ ਜਾਣਕਾਰੀ ਮੁਤਾਬਿਕ ਦਸੰਬਰ 2011 ਵਿਚ ਪੰਜਾਬ ਜਲ ਸਰੋਤ ਤੇ ਵਿਕਾਸ ਨਿਗਮ (ਪੀ.ਐਸ.ਟੀ.ਸੀ.) ਵਿਚੋਂ ਸੇਵਾ ਮੁਕਤ ਹੋਇਆ ਇਹ ਕਰਮਚਾਰੀ ਪਹਿਲਾਂ ਤਾਂ ਬੀ.ਡੀ.ਪੀ.�. ਗੜ੍ਹਸ਼ੰਕਰ ਵਿਚ ਕਥਿਤ ਮਿਲੀ ਭੁਗਤ ਨਾਲ ਮਗਨਰੇਗਾ ਵਿਚ ਨੌਕਰੀ ‘ਤੇ ਲੱਗ ਗਿਆ। ਇਸ ਦੌਰਾਨ ਇਸ ‘ਤੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲੱਗੇ, ਪਰ ਸਮੇਂ-ਸਮੇਂ ‘ਤੇ ਗੜ੍ਹਸ਼ੰਕਰ ਵਿਚ ਰਹੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਮਿਹਰਬਾਨੀ ਸਦਕਾ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਕਰਮਚਾਰੀ ਦੀ ਨਿਯੁਕਤੀ ਲਗਾਤਾਰ ਚੱਲਦੀ ਰਹੀ। ਜ਼ਿਕਰਯੋਗ ਹੈ ਕਿ ਹੈ ਨਿਯਮਾਂ ਮੁਤਾਬਿਕ ਕਿਸੇ ਵੀ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਨੂੰ ਲੋੜ ਪੈਣ ਤੇ ਸੇਵਾ ਮੁਕਤੀ ਤੋਂ ਬਾਅਦ 65 ਸਾਲ ਦੀ ਉਮਰ ਤਕ ਆਰਜ਼ੀ ਤੌਰ ਤੇ ਠੇਕੇ ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸੇਵਾ ਮੁਕਤ ਕਰਮਚਾਰੀ ਦੀ ਦੁਆਰਾ ਨਿਯੁਕਤੀ ਦਾ ਕੋਈ ਨਿਯਮ ਨਹੀਂ ਹੈ ਪਰ ਰਾਜਸੀ ਲੋਕਾਂ ਦੀ ਮਿਹਰਬਾਨੀ ਅਤੇ ਬੀ.ਡੀ.ਪੀ.�. ਗੜ੍ਹਸ਼ੰਕਰ ਦੀ ਮਿਲੀ ਭੁਗਤ ਨਾਲ ਇਹ ਕਰਮਚਾਰੀ (71 ਸਾਲ ਦੀ ਉਮਰ ) ਮਈ 2024 ਤਕ ਮਗਨਰੇਗਾ ਵਿਚ ਨੌਕਰੀ ਕਰਦਾ ਰਿਹਾ ਹੈ। ਫਿਰ ਸ਼ਿਕਾਇਤ ਹੋਣ ‘ਤੇ ਇਸ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਗਿਆ ਸੀ ਪਰ ਇਹ ਕਰਮਚਾਰੀ ਫਿਰ ਵੀ ਨਹੀਂ ਹਟਿਆ ਹੁਣ ਇਸ ਨੂੰ ਪੰਜਾਬ ਮੰਡੀ ਬੋਰਡ ਵਿਚ ਹੇਠਲੇ ਪੱਧਰ ‘ਤੇ ਜੇ.ਈ. ਅਮਨਿੰਦਰ ਸਿੰਘ ਵਲੋਂ ਨਿਯੁਕਤ ਕੀਤਾ ਗਿਆ ਹੈ, ਹਾਲਾਂਕਿ ਜੇ.ਈ. ਅਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਮੇਰਾ ਪੁਰਾਣਾ ਵਾਕਫ਼ਕਾਰ ਹੈ ਪਰ ਅਸੀਂ ਇਸ ਨੂੰ ਨੌਕਰੀ ‘ਤੇ ਨਹੀਂ ਰੱਖਿਆ। ਇਹ ਆਪਣੀ ਮਰਜ਼ੀ ਨਾਲ ਕੰਮ ‘ਤੇ ਆ ਜਾਂਦਾ ਹੈ ਤੇ ਗੇੜਾ ਮਾਰ ਕੇ ਚਲਾ ਜਾਂਦਾ ਹੈ। ਅਸੀਂ ਇਸ ਨੂੰ ਕੋਈ ਮਿਹਨਤਾਨਾ ਨਹੀਂ ਦਿੰਦੇ। ਇੱਥੇ ਇਹ ਵੀ ਹੈਰਾਨੀ ਵਾਲੀ ਗਲ ਕਿ ਕੋਈ ਅਜਿਹਾ ਸੇਵਾ ਮੁਕਤ ਕਰਮਚਾਰੀ ਜਿਸ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਣ ਹੁਣ ਮੁਫ਼ਤ ਵਿਚ ਡਿਊਟੀ ਕਰਦਾ ਹੋਵੇ। ਲੋਕਾਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਤੋਂ ਮੰਗ ਕੀਤੀ ਹੈ ਕਿ ਪਹਿਲਾ ਮਗਨਰੇਗਾ ਵਿਚ ਹੁਣ ਮੰਡੀ ਬੋਰਡ ਵਿਚ ਮਿਲੀਭੁਗਤ ਨਾਲ ਨੌਕਰੀ ਕਰਨ ਵਾਲੇ ਸੇਵਾ ਮੁਕਤ ਕਰਮਚਾਰੀ ਦੀ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ।