ਚੱਬੇਵਾਲ, 9 ਜੁਲਾਈ (ਰਾਜੀਵ ਭਾਰਦਵਾਜ)- ਚੱਬੇਵਾਲ ਮੁੱਖ ਮਾਰਗ ‘ਤੇ ਇੱਕ ਵਰਕਸ਼ਾਪ ਵਿਚ ਚੋਰੀ ਕਰਨ ਆਏ ਚੋਰਾਂ ਦੀ ਗੱਡੀ ਦੀ ਪਹਿਚਾਣ ਅਤੇ ਗੱਡੀ ਦਾ ਨੰਬਰ, ਪੀੜਤਾਂ ਵਲੋਂ ਪੁਲਿਸ ਥਾਣਾ ਚੱਬੇਵਾਲ ਨੂੰ ਦੇ ਦਿੱਤੇ ਗਏ ਹਨ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਥਾਣਾ ਚੱਬੇਵਾਲ ਦੀ ਪੁਲਿਸ ਚੋਰਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੀ। ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ, ਅਮਨਦੀਪ ਸਿੰਘ ਦੋਵੇਂ ਵਾਸੀ ਮੁੱਖੋ ਮਜਾਰਾ ਅਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਬੰਬੇਲੀ ਨੇ ਦੱਸਿਆ ਕਿ ਉਨ੍ਹਾਂ ਦੀ ਚੱਬੇਵਾਲ ਵਿਖੇ ਪਟਰੋਲ ਪੰਪ ਦੇ ਸਾਹਮਣੇ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ‘ਤੇ ਵਰਕਸ਼ਾਪ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਰਕਸ਼ਾਪ ਤੋਂ ਮਈ ਮਹੀਨੇ ਰਾਤ ਨੂੰ ਲਗਪਗ 60 ਕੁ ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਉਨ੍ਹਾਂ ਵੱਲੋਂ ਥਾਣਾ ਚੱਬੇਵਾਲ ਵਿਖੇ ਲਿਖਤੀ ਰੂਪ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਰਾਤਾਂ ਨੂੰ ਲਗਾਤਾਰ ਆਪਣੀ ਵਰਕਸ਼ਾਪ ਦੇ ਸਾਹਮਣੇ ਪੈਟਰੋਲ ਪੰਪ ‘ਤੇ ਸੌਂਦਾ ਰਿਹਾ ਕਿ ਸ਼ਾਇਦ ਚੋਰ ਦੋਬਾਰਾ ਫਿਰ ਆਉਣਗੇ। ਠੀਕ ਬਾਰਾਂ ਦਿਨ ਬਾਅਦ 8 ਜੂਨ ਨੂੰ ਉਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਪਰ ਇਸ ਵਾਰ ਚੋਰ ਵੱਡਾ ਹੱਥ ਮਾਰਨ ਆਏ ਸੀ। ਚੋਰ ਇਸ ਵਾਰ ਬੋਲੈਰੋ ਪਿਕਅਪ (ਪੀ.ਬੀ. 11 ਬੀ.ਐਫ-7873) ‘ਚ ਆਏ ਸੀ ਤਾਂ ਜੋ ਜ਼ਿਆਦਾ ਸਾਮਾਨ ਚੋਰੀ ਕਰ ਸਕਣ ਪਰ ਰਣਜੀਤ ਸਿੰਘ ਪਹਿਲਾਂ ਹੀ ਉਨ੍ਹਾਂ ਦੇ ਇੰਤਜ਼ਾਰ ਵਿਚ ਬੈਠਾ ਸੀ । ਉਸ ਨੇ ਚੋਰਾਂ ਦੀ ਗੱਡੀ ਵੱਲ ਨੂੰ ਬੈਟਰੀ ਮਾਰੀ ਚੋਰ ਹਨੇਰੇ ਵਿਚ ਪਾਸੇ ਨੂੰ ਹੋ ਗਏ । ਰਣਜੀਤ ਸਿੰਘ ਨੇ ਚੋਰਾਂ ਦੀ ਗੱਡੀ ਦੇ ਟਾਇਰ ਦੀ ਹਵਾ ਕੱਢ ਦਿੱਤੀ ਅਤੇ ਗੱਡੀ ਦੀ ਬੈਟਰੀ ਦੀਆਂ ਤਾਰਾਂ ਕੱਟ ਦਿੱਤੀਆਂ ਤਾਂਕਿ ਚੋਰ ਗੱਡੀ ਨੂੰ ਨਾ ਲਿਜਾ ਸਕਣ। ਉਸ ਨੇ ਕਿਹਾ ਕਿ ਉਹ ਇੰਨੇ ਨੂੰ ਚੱਬੇਵਾਲ ਪੁਲਿਸ ਥਾਣੇ ਵੀ ਗਿਆ ਪਰ ਗੇਟ ਬੰਦ ਹੋਣ ਕਾਰਨ ਵਾਪਸ ਆ ਗਿਆ। ਉਸ ਨੇ ਦੱਸਿਆ ਕਿ ਉਹ ਸਾਹਮਣੇ ਪੈਟਰੋਲ ਪੰਪ ‘ਤੇ ਜਾ ਕੇ ਬੈਠ ਗਿਆ, ਉਸ ਨੇ ਦੇਖਿਆ ਕਿ ਤੜਕੇ ਲਗਪਗ ਤਿੰਨ ਵਜੇ ਇੱਕ ਸਵਿਫ਼ਟ ਕਾਰ ਨੰਬਰ ਪੀ.ਬੀ. 10 ਡੀ.ਐਸ-9612 ਆਉਂਦੀ ਹੈ ਤੇ ਉਸ ਵਿਚੋਂ ਕੁੱਝ ਵਿਅਕਤੀ ਬੋਲੈਰੋ ਪਿਕਅਪ ਨੂੰ ਕਿਸੇ ਤਰਾਂ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਵੱਲੋਂ ਜਦੋਂ ਟਾਰਚ ਦੀ ਲਾਈਟ ਉਨ੍ਹਾਂ ਵੱਲ ਨੂੰ ਮਾਰੀ ਜਾਂਦੀ ਹੈ ਤਾਂ ਉਹ ਸਵਿਫ਼ਟ ਕਾਰ ਵਿਚ ਬੈਠ ਕੇ ਉੱਥੋਂ ਭੱਜ ਜਾਂਦੇ ਹਨ। ਅਗਲੇ ਦਿਨ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਜਦੋਂ ਇਹ ਸਭ ਦੱਸਿਆ ਜਾਂਦਾ ਹੈ ਤਾਂ ਉਹ ਮਹਿੰਦਰਾ ਪਿੱਕਅਪ ਦੇ ਨੰਬਰ ਤੋਂ ਪੜਤਾਲ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਗੱਡੀ ਵੀ ਚਾਰ ਕੁ ਮਹੀਨੇ ਪਹਿਲਾਂ ਉਨ੍ਹਾਂ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ। ਪੀੜਤਾਂ ਦਾ ਚੱਬੇਵਾਲ ਪੁਲਿਸ ਦੀ ਕਾਰਗੁਜ਼ਾਰੀ ‘ਤੇ ਦੋਸ਼ ਇਹ ਹੈ ਕਿ ਸਵਿਫ਼ਟ ਕਾਰ (ਜਿਸ ਵਿਚ ਚੋਰ ਭੱਜੇ ਸਨ) ਦਾ ਨੰਬਰ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ। ਇਸ ਸਬੰਧੀ ਥਾਣਾ ਪੁਲਿਸ ਚੱਬੇਵਾਲ ਦੇ ਐਸ.ਐਚ.ਓ. ਹਰਜੀਤ ਸਿੰਘ ਨੇ ਕਿਹਾ ਕਿ ਮੈਂ ਪਤਾ ਕਰਦਾ ਹਾਂ ਕਿ ਥਾਣੇ ਦੇ ਕਿਸ ਮੁਲਾਜ਼ਮ ਕੋਲ ਇਹ ਕੇਸ ਹੈ ਤੇ ਇੱਕ ਦੋ ਦਿਨ ਵਿੱਚ ਹੱਲ ਕਰ ਦਿੱਤਾ ਜਾਵੇਗਾ।
ਚੋਰਾਂ ਦੀ ਗੱਡੀ ਦਾ ਨੰਬਰ ਦੇਣ ਦੇ ਬਾਵਜੂਦ ਚੱਬੇਵਾਲ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
ਅਜੀਤ ਡੈਸਕ
10-07-2026