ਹੁਸ਼ਿਆਰਪੁਰ, 13 ਜੁਲਾਈ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬਡਲਾ)- ਸਿੱਖਿਆ ਵਿਭਾਗ ਵੱਲੋਂ ਨਿਰਧਾਰਤ ਟੀਚਿਆਂ ਅਤੇ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਹਰਜਿੰਦਰ ਕੌਰ ਨੇ ਜ਼ਿਲ੍ਹੇ ਦੇ ਸਮੂਹ ਬਲਾਕ ਨੋਡਲ ਅਧਿਕਾਰੀਆਂ ਤੇ ਵੱਖ-ਵੱਖ ਕੰਪੋਨੈਂਟ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਭਾਗੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਤੇ ਸਾਰੇ ਅਧਿਕਾਰੀਆਂ ਨੂੰ ਵਿਭਾਗੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਹਰਜਿੰਦਰ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਲਗਾਤਾਰ ਨਵੀਆਂ ਯੋਜਨਾਵਾਂ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਅਸਲ ਲਾਭ ਉਸ ਵੇਲੇ ਹੀ ਵਿਦਿਆਰਥੀਆਂ ਤੱਕ ਪਹੁੰਚ ਸਕਦਾ ਹੈ ਜਦੋਂ ਮੈਦਾਨੀ ਪੱਧਰ ’ਤੇ ਤੈਨਾਤ ਅਧਿਕਾਰੀ ਤੇ ਕਰਮਚਾਰੀ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ। ਉਨ੍ਹਾਂ ਖ਼ਾਸ ਤੌਰ ’ਤੇ ਮਿਸ਼ਨ ਸਮਰੱਥ ਤਹਿਤ ਵੰਡੇ ਗਏ ਅਧਿਐਨ ਸਮੱਗਰੀ ਦੀ ਵਰਤੋਂ ’ਤੇ ਜ਼ੋਰ ਦਿੰਦਿਆਂ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਸ ਸਮੱਗਰੀ ਦੀ ਨਿਯਮਿਤ ਵਰਤੋਂ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦੀ ਸਿੱਖਣ ਸਮਰੱਥਾ ਤੇ ਅਕਾਦਮਿਕ ਪ੍ਰਾਪਤੀਆਂ ਵਿੱਚ ਉਮੀਦ ਅਨੁਸਾਰ ਸੁਧਾਰ ਲਿਆਂਦਾ ਜਾ ਸਕੇ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ, ਪੋਰਟਲਾਂ ਤੇ ਸਿੱਖਿਆਕ ਪ੍ਰੋਗਰਾਮਾਂ ਨਾਲ ਸੰਬੰਧਤ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਰੇ ਬਲਾਕ ਨੋਡਲ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰ ਦੇ ਸਕੂਲਾਂ ਦੀ ਨਿਯਮਿਤ ਨਿਗਰਾਨੀ ਕਰਨ ਤੇ ਵਿਭਾਗੀ ਹੁਕਮਾਂ ਦੀ ਸੌ ਫ਼ੀਸਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਬਲਾਕ ਪੱਧਰ ’ਤੇ ਨਿਯੁਕਤ ਕਰਮਚਾਰੀ ਤੇ ਨੋਡਲ ਅਧਿਕਾਰੀ ਵਿਭਾਗ ਅਤੇ ਸਕੂਲਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਨਿਰੀਖਣ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ, ਇਸ ਲਈ ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਰਿਕਾਰਡ ਅਪਡੇਟ ਤੇ ਮੁਕੰਮਲ ਰੂਪ ਵਿੱਚ ਤਿਆਰ ਰੱਖਿਆ ਜਾਵੇ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗੀ ਯੋਜਨਾਵਾਂ ਦੀ ਪ੍ਰਗਤੀ, ਸਕੂਲ ਰਿਕਾਰਡ, ਸਿੱਖਿਅਕ ਗਤੀਵਿਧੀਆਂ ਤੇ ਪ੍ਰਸ਼ਾਸਨਿਕ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਸਹਾਇਕ ਕੋਆਰਡੀਨੇਟਰ ਅਮਿਤ ਕੁਮਾਰ ਆਦਿ ਹਾਜ਼ਰ ਸਨ।
ਡੀ.ਈ.ਓ. ਵਲੋਂ ਬਲਾਕ ਨੋਡਲ ਅਧਿਕਾਰੀਆਂ ਤੇ ਕੰਪੋਨੈਂਟ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ
ਅਜੀਤ ਡੈਸਕ
14-07-2026