ਹੁਸ਼ਿਆਰਪੁਰ, 19 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਪਿੰਡ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ‘ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟਿੱਪਰ/ਟਰੱਕਾਂ ਨੂੰ ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਦੀ ਆਗਿਆ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਸਮੇਂ ਤੋਂ ਇਲਾਵਾ ਇਨ੍ਹਾਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ‘ਤੇ ਰੋਕ ਰਹੇਗੀ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟਿੱਪਰ/ਟਰੱਕਾਂ ਦੇ ਕਾਰਨ ਸੜਕਾਂ ’ਤੇ ਹਾਦਸੇ ਹੋ ਰਹੇ ਹਨ ਜਿਨ੍ਹਾਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਜਿਸ ਕਰਕੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਸੜਕਾਂ ‘ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟੱਪਰ/ਟਰੱਕਾਂ ਦੀ ਆਵਾਜਾਈ ਨੂੰ ਸਮਾਂਬੱਧ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਹੈ। ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਉਪ ਪੁਲਿਸ ਕਪਤਾਨ, ਗੜ੍ਹਸ਼ੰਕਰ ਇਹ ਯਕੀਨੀ ਬਣਾਉਣਗੇ ਕਿ ਟਰੈਫ਼ਿਕ ਪੁਲਿਸ ਵਲੋਂ ਟੱਪਰ/ਟਰੱਕਾਂ ਦੀ ਓਵਰ ਸਪੀਡ ਚੈੱਕ ਕੀਤੀ ਗਈ ਹੈ। ਰਿਜਨਲ ਟਰਾਂਸਪੋਰਟ ਅਥਾਰਿਟੀ, ਹੁਸ਼ਿਆਰਪੁਰ ਇਨ੍ਹਾਂ ਹੁਕਮਾਂ ਸਨਮੁੱਖ ਓਵਰ ਲੋਡਿੰਗ ਤੇ ਹੋਰ ਨਿਯਮਾਂ ਦੀ ਉਲੰਘਣਾ ਸਬੰਧੀ ਚੈਕਿੰਗ ਅਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਉਣਗੇ। ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਹੁਸ਼ਿਆਰਪੁਰ ਅੰਤਰਰਾਜੀ ਚੈੱਕ ਪੋਸਟਾਂ ’ਤੇ 24 ਗੁਣਾ 7 ਨਿਗਰਾਨੀ ਯਕੀਨੀ ਬਣਾਉਣਗੇ ਤੇ ਇਸ ਦੇ ਨਾਲ ਹੀ ਚੈੱਕ ਪੋਸਟ ‘ਤੇ ਭਾਰ ਤੋਲਣ ਵਾਲੇ ਕੰਡੇ ਦੀ ਵਰਤੋਂ ਕਰਕੇ ਓਵਰਲੋਡਿੰਡ ਟਿੱਪਰਾਂ ਦੀ ਚੈਕਿੰਗ ਤੇ ਇਨ੍ਹਾਂ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ। ਇਹ ਹੁਕਮ 20 ਸਤੰਬਰ 2026 ਤੱਕ ਲਾਗੂ ਰਹਿਣਗੇ।
ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਰਹੇਗੀ
ਅਜੀਤ ਡੈਸਕ
20-07-2026