09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਟਾਂਡਾ ਦਾ ਡਰੇਨੇਜ ਸਿਸਟਮ ਨਾਜਾਇਜ਼ ਕਬਜ਼ਿਆਂ ਹੇਠ ਦੱਬਿਆ, ਬਰਸਾਤ ਤੋਂ ਪਹਿਲਾਂ ਸਫ਼ਾਈ ਨਾ ਹੋਈ ਤਾਂ ਬਣ ਸਕਦੇ ਹਨ ਹੜ੍ਹ ਵਰਗੇ ਹਾਲਾਤ

Ad Position 21
No active advertisement
ਅਜੀਤ ਡੈਸਕ 23-07-2026
ਟਾਂਡਾ ਉੜਮੁੜ, 22 ਜੁਲਾਈ (ਭਗਵਾਨ ਸਿੰਘ ਸੈਣੀ)- ਟਾਂਡਾ ਸ਼ਹਿਰ ਵਿਚ ਡਰੇਨੇਜ ਅਤੇ ਸਫ਼ਾਈ ਪ੍ਰਬੰਧਾਂ ਦੀ ਲਾਪਰਵਾਹੀ ਹੁਣ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਸ਼ਹਿਰ ਦੇ ਮੁੱਖ ਨਿਕਾਸੀ ਨਾਲਿਆਂ ਦੀ ਮਾੜੀ ਹਾਲਤ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਕਰਕੇ ਟਾਂਡਾ–ਮਿਆਣੀ–ਹਰਗੋਬਿੰਦਪੁਰ ਮੁੱਖ ਸੜਕ ਦੇ ਨਾਲ ਸ਼ਹਿਰ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਿਆ ਮੁੱਖ ਨਾਲਾ ਗੈਰ-ਕਾਨੂੰਨੀ ਕਬਜ਼ਿਆਂ ਦੀ ਭੇਟ ਚੜ੍ਹ ਗਿਆ ਹੈ। ਕਈ ਥਾਵਾਂ ’ਤੇ ਲੋਕਾਂ ਵਲੋਂ ਮਿੱਟੀ ਪਾ ਕੇ ਨਾਲੇ ਨੂੰ ਪੂਰ ਦਿੱਤਾ ਗਿਆ ਹੈ ਤੇ ਮਨਮਰਜ਼ੀ ਨਾਲ ਪਾਈਪਾਂ ਰੱਖ ਕੇ ਰਸਤੇ ਬਣਾਏ ਗਏ ਹਨ ਜਿਸ ਕਾਰਨ ਪਾਣੀ ਦਾ ਕੁਦਰਤੀ ਵਹਾਅ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਾਲਾ ਟਾਂਡਾ ਸ਼ਹਿਰ ਦੇ ਵੱਡੇ ਹਿੱਸੇ ਦਾ ਗੰਦਾ ਤੇ ਬਰਸਾਤੀ ਪਾਣੀ ਬਾਹਰ ਕੱਢਣ ਦਾ ਮੁੱਖ ਸਾਧਨ ਹੈ ਪਰ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ, ਗੰਦ ਜਮਾਂ ਹੋਣ ਤੇ ਗੈਰ-ਕਾਨੂੰਨੀ ਕਬਜ਼ਿਆਂ ਕਾਰਨ ਇਸ ਦੀ ਸਮਰੱਥਾ ਲਗਭਗ ਖ਼ਤਮ ਹੋ ਚੁੱਕੀ ਹੈ। ਕਈ ਥਾਵਾਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਨਾਲ ਬਦਬੂ ਫੈਲ ਰਹੀ ਹੈ ਤੇ ਮੱਛਰਾਂ ਦੀ ਭਰਮਾਰ ਕਾਰਨ ਡੇਂਗੂ, ਮਲੇਰੀਆ ਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਮਾਨਸੂਨ ਦੌਰਾਨ ਭਾਰੀ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਨਿਕਾਸੀ ਰੁਕਣ ਕਾਰਨ ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਭਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਵੇਗੀ, ਸਗੋਂ ਘਰਾਂ ਤੇ ਦੁਕਾਨਾਂ ਵਿਚ ਪਾਣੀ ਦਾਖ਼ਲ ਹੋਣ ਨਾਲ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਭਾਜਪਾ ਦੇ ਸੀਨੀਅਰ ਆਗੂ ਸੁਰਿੰਦਰ ਜਾਜਾ, ਪੁਨੀਤ ਢੀਂਗਰਾ, ਪਰਮਜੀਤ ਬਾਬੂ, ਬਲਰਾਜ ਸੋਨੀ, ਅਜੈਪਾਲ ਸੈਣੀ, ਸੂਰਜ ਅਤੇ ਹੋਰ ਸ਼ਹਿਰ ਵਾਸੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਰਫ਼ ਇਸ ਇੱਕ ਨਾਲੇ ਦੀ ਹੀ ਨਹੀਂ, ਸਗੋਂ ਪੂਰੇ ਸ਼ਹਿਰ ਦੇ ਡਰੇਨੇਜ ਸਿਸਟਮ ਦੀ ਹਾਲਤ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਨਿਕਾਸੀ ਪੁਲੀਆਂ ਵੀ ਗਾਰ ਤੇ ਕੂੜੇ ਨਾਲ ਭਰੀਆਂ ਹੋਈਆਂ ਹਨ, ਜਿਸ ਕਾਰਨ ਪਾਣੀ ਦਾ ਵਹਾਅ ਲਗਾਤਾਰ ਰੁਕ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੀ ਸ਼ਿਮਲਾ ਪਹਾੜੀ ਪੁਲੀ ਵੀ ਪੂਰੀ ਤਰ੍ਹਾਂ ਜਾਮ ਹੋ ਚੁੱਕੀ ਹੈ। ਜੇਕਰ ਸਮੇਂ ਸਿਰ ਇਸ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਭਾਰੀ ਬਰਸਾਤ ਦੌਰਾਨ ਸ਼ਹਿਰ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਭਾਵਸ਼ਾਲੀ ਰਸਤਾ ਨਹੀਂ ਬਚੇਗਾ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਨੁਕਸਾਨ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਢੁਕਵੇਂ ਤੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਵਿਸ਼ੇਸ਼ ਮੁਹਿੰਮ ਚਲਾ ਕੇ ਸਾਰੇ ਨਿਕਾਸੀ ਨਾਲਿਆਂ ਤੇ ਪੁਲੀਆਂ ਦੀ ਸਫ਼ਾਈ ਕਰਵਾਈ ਜਾਵੇ, ਗੈਰ-ਕਾਨੂੰਨੀ ਕਬਜ਼ੇ ਹਟਾਏ ਜਾਣ, ਨਾਲਿਆਂ ਵਿਚ ਪਾਈ ਗਈ ਮਿੱਟੀ ਨੂੰ ਕੱਢਿਆ ਜਾਵੇ ਅਤੇ ਡਰੇਨੇਜ ਪ੍ਰਣਾਲੀ ਨੂੰ ਮੁੜ ਸੁਚਾਰੂ ਬਣਾਇਆ ਜਾਵੇ ਤਾਂ ਜੋ ਮਾਨਸੂਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। ਇਸ ਸਬੰਧੀ ਜਦੋਂ ਐਸ.ਡੀ.ਐਮ. ਟਾਂਡਾ ਲਵਪ੍ਰੀਤ ਸਿੰਘ ਔਲਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੌਕੇ ਦੀ ਜਾਂਚ ਕਰਵਾਈ ਜਾਵੇਗੀ ਤੇ ਜਿੱਥੇ ਵੀ ਗੈਰ-ਕਾਨੂੰਨੀ ਕਬਜ਼ੇ ਪਾਏ ਗਏ, ਉਨ੍ਹਾਂ ਨੂੰ ਹਟਾ ਕੇ ਨਿਕਾਸੀ ਨਾਲਿਆਂ ਦੀ ਸਫ਼ਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

22ਐਮਯੂਕੇ09
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਸਵੀਰ ਰਾਜਾ ਵਲੋਂ ਸਕੂਲ ਆਫ਼ ਐਮੀਨੈਂਸ ਵਿਖੇ ਵਿਦਿਆਰਥੀਆਂ ਨੂੰ ਸਕੂਲ ਕਿੱਟਾਂ ਭੇਟ ਅਗਲੀ ਖ਼ਬਰ ਦੋ ਮਹੀਨੇ ਪਹਿਲਾਂ ਬਣੀ ਸੜਕ ਥਾਂ-ਥਾਂ ਤੋਂ ਟੁੱਟਣ ਲੱਗੀ
Ad Position 24