ਦਸਮੇਸ਼ ਗਰਲਜ਼ ਕਾਲਜ ਦੇ ਵਿਹੜੇ ਵਿਚ ਮਨਾਇਆ ਤੀਆਂ ਦਾ ਤਿਉਹਾਰ
ਮੁਕੇਰੀਆਂ, 23 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਵਿਚ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.
ਮੁਕੇਰੀਆਂ, 23 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਵਿਚ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਸਭਿਆਚਾਰ ਵਿਚਲੇ ਰਸਮ-ਰਿਵਾਜ ਅਤੇ ਤਿਉਹਾਰ ਪੰਜਾਬੀ ਜੀਵਨ ਦਾ ਅਟੁੱਟ ਅੰਗ ਹਨ। ਇਨ੍ਹਾਂ ਨੂੰ ਸਾਂਭ ਕੇ ਰੱਖਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦਾ ਕਰਤੱਵ ਹੈ। ਉਨ੍ਹਾਂ ਕਿਹਾ ਕਿ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਕਾਇਮ ਰੱਖਣ ਦੇ ਮੰਤਵ ਤਹਿਤ ਹੀ ਕਾਲਜ ਦੇ ਵਿਹੜੇ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ । ਇਸ ਦਾ ਮਨੋਰਥ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ਦੇ ਰੂਬਰੂ ਕਰਵਾਉਣਾ ਅਤੇ ਮਨੋਰੰਜਨ ਰਾਹੀਂ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਸਭ ਦੇ ਸਾਹਮਣੇ ਲਿਆਉਣਾ ਅਤੇ ਉਤਸ਼ਾਹਿਤ ਕਰਨਾ ਹੈ। ਵਿਦਿਆਰਥਣਾਂ ਵਲੋਂ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਵੰਨ ਸੁਵੰਨੇ ਨਾਚ, ਗੀਤ, ਭੰਗੜਾ, ਭੰਡ, ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ, ਵਾਦ-ਵਿਵਾਦ ਪ੍ਰਤੀਯੋਗਤਾ, ਹਸਤ ਕਲਾ ਦੀਆਂ ਸਿਰਜਣਾਤਮਿਕ ਵੰਨਗੀਆਂ ਤੇ ਗਿੱਧੇ ਦੀ ਪੇਸ਼ਕਾਰੀ ਦੇ ਨਾਲ-ਨਾਲ ਵੱਖਰੀ ਸਭਿਆਚਾਰਕ ਪਛਾਣ ਨੂੰ ਉਭਾਰਦੀਆਂ ਵਿਭਿੰਨ ਵਿਰਾਸਤੀ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਕਾਲਜ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਤੇ ਲਲਿਤ ਕਲਾ ਵਿਭਾਗ ਵਲੋਂ ਖ਼ੂਬਸੂਰਤ ਕਲਾ ਵੰਨਗੀਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਹੋਏ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਖਾਣ ਪੀਣ ਦੇ ਭਾਂਤ-ਭਾਂਤ ਦੇ ਸਟਾਲਾਂ ਨੇ ਤੀਆਂ ਦੇ ਮੇਲੇ ਦੀ ਖ਼ੁਸ਼ੀ ਨੂੰ ਚਾਰ ਚੰਨ ਲਾਏ। ‘ਤੀਆਂ ਦੀ ਸ਼ਾਨ’ ਦਾ ਖ਼ਿਤਾਬ ਰਿਤੀਕਾ (ਗਿਆਰ੍ਹਵੀਂ ਕਾਮਰਸ) ਅਤੇ ਤੀਆਂ ਦੀ ਰਾਣੀ ਦਾ ਖ਼ਿਤਾਬ ਪ੍ਰਨੀਤ ਕੌਰ (ਬੀ.ਐੱਸ.ਸੀ.ਫ਼ੈਸ਼ਨ ਡਿਜ਼ਾਇਨਿੰਗ) ਨੇ ਹਾਸਲ ਕੀਤਾ। ਇਸ ਪ੍ਰੋਗਰਾਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੇ ਪਰਿਵਾਰਿਕ ਮੈਂਬਰ ਬੀਬੀ ਸੁਖਵਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਪਰਮਜੀਤ ਕੌਰ ਅਤੇ ਬੀਬੀ ਨਵਜੋਤ ਕੌਰ ਦੀ ਹਾਜ਼ਰੀ ਨੇ ਤੀਆਂ ਦੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾਇਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬੀਬੀ ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਆਪਣੀ ਸਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਨ ਦਾ ਕਾਰਜ ਡਾ. ਸੋਨੀਆ ਦੇਵੀ, ਮੈਡਮ ਜਸਵਿੰਦਰ ਕੌਰ ਅਤੇ ਵਿਦਿਆਰਥਣਾਂ ਨੇ ਬਾਖ਼ੂਬੀ ਸੰਭਾਲਿਆ।