ਹੁਸ਼ਿਆਰਪੁਰ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ
ਰਾਤ ਨੂੰ ਭਾਵੇਂ ਟਰੱਕ ਲੰਘਾ ਲਓ, ਦਿਨੇ ਪੈਦਲ ਲੰਘਣਾ ਵੀ ਮੁਸ਼ਕਿਲ
ਤਹਿ-ਬਾਜ਼ਾਰੀ ਐਕਟ ਸਾਲਾਂ ਪਹਿਲਾਂ ਹੋਇਆ ਖ਼ਤਮ ਪਰ ਕਬਜ਼ੇ ਬਰਕਰਾਰ
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਸ਼ਹਿਰ ’ਚ ਨਗਰ ਨਿਗਮ ਵਲੋਂ ਲੋਕਾਂ ਦੀ ਸਹੂਲਤ ਲਈ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜੇਕਰ ਜ਼ਮੀਨੀ ਹਕੀਕਤ ਦੇਖੀਏ ਤਾਂ ਹਾਲਤ ਉਸ ਦੇ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਪੁਰਾਣਾ ਸ਼ਹਿਰ ਹੋਣ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ਤਾਂ ਪਹਿਲਾਂ ਹੀ ਸੌੜੀਆਂ ਹਨ, ਇਸ ਤੋਂ ਉੱਪਰ ‘ਇਕ ਕਰੇਲਾ ਦੂਜਾ ਨੀਮ ਚੜ੍ਹਾ’ ਦੀ ਕਹਾਵਤ ਨੂੰ ਸੱਚ ਕਰਦੇ ਹਨ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ੇ।
ਸ
ਸਥਾਨਕ ਘੰਟਾ ਘਰ ਰੋਡ ’ਤੇ ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਲੱਗੇ ਜਾਮ ਦਾ ਦ੍ਰਿਸ਼। ਤਸਵੀਰ : ਹਮਸ਼ਾਇਨ ਸਟੂਡੀਓ
21-09-2026
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਸ਼ਹਿਰ ’ਚ ਨਗਰ ਨਿਗਮ ਵਲੋਂ ਲੋਕਾਂ ਦੀ ਸਹੂਲਤ ਲਈ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜੇਕਰ ਜ਼ਮੀਨੀ ਹਕੀਕਤ ਦੇਖੀਏ ਤਾਂ ਹਾਲਤ ਉਸ ਦੇ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਪੁਰਾਣਾ ਸ਼ਹਿਰ ਹੋਣ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ਤਾਂ ਪਹਿਲਾਂ ਹੀ ਸੌੜੀਆਂ ਹਨ, ਇਸ ਤੋਂ ਉੱਪਰ ‘ਇਕ ਕਰੇਲਾ ਦੂਜਾ ਨੀਮ ਚੜ੍ਹਾ’ ਦੀ ਕਹਾਵਤ ਨੂੰ ਸੱਚ ਕਰਦੇ ਹਨ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ੇ। ਕਈ ਸੜਕਾਂ ਤੇ ਬਾਜ਼ਾਰ ਤਾਂ ਅਜਿਹੇ ਹਨ, ਜਿਨ੍ਹਾਂ ’ਚ ਸਾਮਾਨ ਦੁਕਾਨਾਂ ’ਚ ਘੱਟ ਅਤੇ ਸੜਕਾਂ ’ਤੇ ਜ਼ਿਆਦਾ ਪਿਆ ਹੁੰਦਾ ਹੈ। ਰਾਤ ਨੂੰ ਦੁਕਾਨਾਂ ਬੰਦ ਹੋਣ ਤੋਂ ਬਾਅਦ ਇਨ੍ਹਾਂ ਬਾਜ਼ਾਰਾਂ ’ਚੋਂ ਭਾਵੇਂ ਟਰੱਕ ਲੰਘ ਜਾਣ, ਪਰ ਦਿਨ ਵੇਲੇ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਈ ਦੁਕਾਨਦਾਰ ਤਾਂ ਸੜਕਾਂ ’ਤੇ 15-15 ਫੁੱਟ ਕਬਜ਼ਾ ਜਮਾਈ ਬੈਠੇ ਹਨ। ਦੁਕਾਨਾਂ ਦੇ ਬਾਹਰ ਸਾਮਾਨ ਸਜ਼ਾ ਬੈਠੇ ਇਹ ਦੁਕਾਨਦਾਰ ਦੁਕਾਨਾਂ ਦੀ ਵਰਤੋਂ ਤਾਂ ਉਨ੍ਹਾਂ ਵਲੋਂ ਰਾਤ ਨੂੰ ਗੁਦਾਮਾਂ ਦੇ ਤੌਰ ’ਤੇ ਹੀ ਕੀਤੀ ਜਾਂਦੀ ਹੈ। ਜੇਕਰ ਸੜਕ ’ਤੇ ਪਿਆ ਸਾਮਾਨ ਇਨ੍ਹਾਂ ਦੁਕਾਨਾਂ ’ਚ ਰੱਖ ਦਿੱਤਾ ਜਾਵੇ ਤਾਂ ਦੁਕਾਨਦਾਰਾਂ ਨੂੰ ਆਪ ਵੀ ਬਾਹਰ ਖੜ੍ਹਾ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਕਿ ਪੰਜਾਬ ’ਚ ਤਹਿ-ਬਾਜ਼ਾਰੀ ਐਕਟ ਕਈ ਸਾਲਾਂ ਪਹਿਲਾਂ ਖ਼ਤਮ ਹੋ ਚੁੱਕਾ ਹੈ, ਪਰ ਸੜਕ ਕੰਢੇ ਦੁਕਾਨਾਂ ਲਗਾ ਕੇ ਬੈਠੇ ਦੁਕਾਨਦਾਰ ਅੱਜ ਵੀ ਇਨ੍ਹਾਂ ਥਾਵਾਂ ’ਤੇ ਕਾਬਜ਼ ਹਨ। ਨਗਰ ਨਿਗਮ ਵਲੋਂ ਕਾਰਵਾਈ ਦੇ ਨਾਂਅ ’ਤੇ ਖਾਨਾਪੂਰਤੀ ਕਰਦਿਆਂ ਇਨ੍ਹਾਂ ਨਾਜਾਇਜ਼ ਕਾਬਜ਼ਕਾਰਾਂ ਦੇ ਚਲਾਨ ਦੇ ਨਾਂਅ ’ਤੇ ਪਰਚੀ ਤਾਂ ਕੱਟ ਦਿੱਤੀ ਜਾਂਦੀ ਹੈ, ਪਰ ਇਸ ਤੋਂ ਇਲਾਵਾ ਕਬਜ਼ਾ ਛੁਡਾਉਣ ਲਈ ਕੋਈ ਕਾਰਵਾਈ ਨਾ-ਮਾਤਰ ਹੀ ਹੁੰਦੀ ਹੈ। ਇਹ ਦੁਕਾਨਦਾਰ ਚਲਾਨ ਦੀ ਪਰਚੀ ਨੂੰ ਢਾਲ ਵਾਂਗ ਵਰਤਦਿਆਂ ਆਪਣੇ ਨਾਜਾਇਜ਼ ਕਬਜ਼ੇ ਨੂੰ ਕਾਨੂੰਨੀ ਹੱਕ ਦੱਸਦੇ ਰਹਿੰਦੇ ਹਨ। ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵਲੋਂ ਜਾਂ ਤਾਂ ਜਾਣਬੁੱਝ ਕੇ ਇਸ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ, ਜਾਂ ਫਿਰ ਕਿਸੇ ਦਬਾਅ ਦੇ ਚੱਲਦਿਆਂ ਅਜਿਹੇ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਕੋਈ ਹਿੰਮਤ ਨਹੀਂ ਪਾ ਰਿਹਾ। ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਸੰਬੰਧੀ ਜੇਕਰ ਕੁੱਝ ਕਾਰਵਾਈ ਵੀ ਕੀਤੀ ਜਾਂਦੀ ਹੈ ਤਾਂ ਉਹ ਸਿਰਫ਼ ਕਾਗ਼ਜ਼ੀ ਹੀ ਰਹਿ ਜਾਂਦੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਪੀਰ ਮੱਦੀ ਸ਼ਾਹ, ਘੰਟਾ ਘਰ ਬਾਜ਼ਾਰ, ਰੇਲਵੇ ਰੋਡ, ਫਗਵਾੜਾ ਰੋਡ ਆਦਿ ’ਚ ਦੁਕਾਨਦਾਰਾਂ ਵਲੋਂ ਆਪਣੀ ਦੁਕਾਨ ਨਾਲੋਂ ਵੱਧ ਫੁੱਟਪਾਥ ਤੋਂ ਅੱਗੇ ਤੱਕ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਵੱਖ-ਵੱਖ ਬਾਜ਼ਾਰਾਂ ’ਚੋਂ ਦੁਕਾਨਦਾਰਾਂ ਵਲੋਂ ਕੀਤੇ ਕਬਜ਼ਿਆਂ ਦੇ ਚੱਲਦਿਆਂ ਸ਼ਹਿਰ ’ਚੋਂ ਲੰਘਣ ਵਾਲਿਆਂ ਲਈ ਬਣਾਏ ਫੁੱਟਪਾਥਾਂ ’ਤੇ ਕਬਜ਼ਾ ਬਣਾਇਆ ਹੋਇਆ ਹੈ, ਜਿਸ ਨੂੰ ਨਗਰ ਨਿਗਮ ਵੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਾ ਧਾਰੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਸਿਰਫ਼ ਖਾਨਾਪੂਰਤੀ ਹੀ ਬਣ ਕੇ ਰਹਿ ਜਾਂਦੀ ਹੈ ਅਤੇ ਨਿਗਮ ਅਧਿਕਾਰੀਆਂ ਦੇ ਜਾਣ ਪਿੱਛੋਂ ਦੁਕਾਨਦਾਰਾਂ ਵਲੋਂ ਮੁੜ ਸਾਮਾਨ ਫੁੱਟਪਾਥ ’ਤੇ ਰੱਖ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਕਈ ਬਾਜ਼ਾਰਾਂ ’ਚ ਦੁਕਾਨਾਂ ਤਾਂ ਛੋਟੀਆਂ ਹਨ, ਪਰ ਬਾਹਰ ਰੱਖੇ ਸਾਮਾਨ ਦਾ ਦਾਇਰਾ ਕਿੱਤੇ ਵੱਧ ਹੁੰਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਮੰਗ ਕਰਦੇ ਆ ਰਹੇ ਹਨ ਕਿ ਸ਼ਹਿਰ ’ਚ ਬਣੇ ਫੁੱਟਪਾਥਾਂ ਨੂੰ ਨਗਰ ਨਿਗਮ ਵਲੋਂ ਖ਼ਾਲੀ ਕਰਵਾਇਆ ਜਾਵੇ, ਤਾਂ ਜੋ ਜਿੱਥੇ ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਉਥੇ ਹੀ ਪੈਦਲ ਚੱਲਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।