ਲੰਗਰ ਦਾ ਬਚਿਆ ਖਾਣਾ ਖਾਣ ਨਾਲ 12 ਮੱਝਾਂ ਸਮੇਤ 4 ਕੱਟੀਆਂ ਦੀ ਮੌਤ
ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)-ਪਿੰਡ ਜਲਾਲਾ ਵਾਸੀ ਪਸ਼ੂ ਪਾਲਕ ਮੁਸ਼ਤਾਕ ਅਲੀ ਪਹਿਲਵਾਨ ਗੁੱਜਰ ਪੁੱਤਰ ਯੂਸਫ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਮੰਗਲਵਾਰ ਸਵੇਰੇ ਉਸ ਨੇ ਆਪਣੀ ਪਸ਼ੂਸ਼ਾਲਾ ’ਚ 12 ਮੱਝਾਂ ਤੇ 4 ਮੱਝਾਂ ਦੀਆਂ ਕੱਟੀਆਂ ਨੂੰ ਮ੍ਰਿਤਕ ਹਾਲਤ ਵਿਚ ਪਾਇਆ। ਪੀੜਤ ਪਰਿਵਾਰ ਦੇ ਅਨੁਸਾਰ ਪਸ਼ੂਆਂ ਨੇ ਸੋਮਵਾਰ ਨੂੰ ਲੰਗਰ ਦਾ ਬਚਿਆ ਹੋਇਆ ਖਾਣਾ ਖਾਧਾ ਸੀ।
ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)-ਪਿੰਡ ਜਲਾਲਾ ਵਾਸੀ ਪਸ਼ੂ ਪਾਲਕ ਮੁਸ਼ਤਾਕ ਅਲੀ ਪਹਿਲਵਾਨ ਗੁੱਜਰ ਪੁੱਤਰ ਯੂਸਫ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਮੰਗਲਵਾਰ ਸਵੇਰੇ ਉਸ ਨੇ ਆਪਣੀ ਪਸ਼ੂਸ਼ਾਲਾ ’ਚ 12 ਮੱਝਾਂ ਤੇ 4 ਮੱਝਾਂ ਦੀਆਂ ਕੱਟੀਆਂ ਨੂੰ ਮ੍ਰਿਤਕ ਹਾਲਤ ਵਿਚ ਪਾਇਆ। ਪੀੜਤ ਪਰਿਵਾਰ ਦੇ ਅਨੁਸਾਰ ਪਸ਼ੂਆਂ ਨੇ ਸੋਮਵਾਰ ਨੂੰ ਲੰਗਰ ਦਾ ਬਚਿਆ ਹੋਇਆ ਖਾਣਾ ਖਾਧਾ ਸੀ। ਇਸ ਤੋਂ ਬਾਅਦ ਪਸ਼ੂਆਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਫੂਡ ਪੋਇਜ਼ਨਿੰਗ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮੁਸ਼ਤਾਕ ਅਲੀ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਆਪਣੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਿਆ ਹੋਇਆ ਸੀ। ਮੰਗਲਵਾਰ ਸਵੇਰੇ ਜਦੋਂ ਉਹ ਵਾਪਸ ਆਇਆ ਅਤੇ ਪਸ਼ੂਸ਼ਾਲਾ ਵਿਚ ਜਾ ਕੇ ਦੇਖਿਆ ਤਾਂ 12 ਮੱਝਾਂ ਅਤੇ 4 ਕੱਟੀਆਂ ਮ੍ਰਿਤਕ ਪਈਆਂ ਸਨ। ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ। ਪੀੜਤ ਦੇ ਅਨੁਸਾਰ ਇਸ ਘਟਨਾ ਕਾਰਨ ਉਸ ਨੂੰ ਕਰੀਬ 15 ਲੱਖ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪਿੰਡ ਦੇ ਸਰਪੰਚ ਬਜਿੰਦਰ ਸਿੰਘ ਜਲਾਲਾ, ਹਾਜੀ ਕਾਸਮ ਦੀਨ ਗੁੱਜਰ, ਮੁਸਲਿਮ ਭਾਈਚਾਰੇ ਦੇ ਲੋਕਾਂ ਸਮੇਤ ਮੁਰਾਦ ਅਲੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਸ਼ੂ ਪਾਲਕ ਨੂੰ ਯੋਗ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੁਕੇਰੀਆਂ ਪ੍ਰਸ਼ਾਸਨ ਵਲੋਂ ਡਾਕਟਰਾਂ ਦੀ ਟੀਮ ਭੇਜ ਕੇ ਪੀੜਤ ਦੇ ਬਚੇ ਹੋਏ ਪਸ਼ੂਆਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪਸ਼ੂਆਂ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।