ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ 3 ਰੋਜ਼ਾ ‘ਕੰਢੀ ਬਿਆਸ ਸਾਹਿਤ ਉਤਸਵ’ ਦਾ ਆਗਾਜ਼
ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਚਾਰ-ਪ੍ਰਸਾਰ ਅਤੇ ਸਾਹਿਤਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਐਸ. ਪੀ.
ਐ
ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਤਿੰਨ ਰੋਜ਼ਾ ‘ਕੰਢੀ ਬਿਆਸ ਸਾਹਿਤ ਉਤਸਵ’ ਮੌਕੇ ਪਹੁੰਚੇ ਮਹਿਮਾਨ। ਤਸਵੀਰ : ਰਾਮਗੜ੍ਹੀਆ
06-11-2026
ਮੁਕੇਰੀਆਂ, 5 ਨਵੰਬਰ (ਰਾਮਗੜ੍ਹੀਆ)-ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਚਾਰ-ਪ੍ਰਸਾਰ ਅਤੇ ਸਾਹਿਤਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਐਸ.ਪੀ.ਐਨ. ਕਾਲਜ ਮੁਕੇਰੀਆਂ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਸਾਂਝੇ ਉੱਦਮ ਸਦਕਾ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਤਿੰਨ ਰੋਜ਼ਾ ‘ਕੰਢੀ ਬਿਆਸ ਸਾਹਿਤ ਉਤਸਵ’ ਦਾ ਆਗਾਜ਼ ਕੀਤਾ ਗਿਆ। ਉਤਸਵ ਦੇ ਪਹਿਲੇ ਦਿਨ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਡਾ. ਕਿਰਨਜੀਤ ਕੌਰ (ਮੁਖੀ ਪੰਜਾਬੀ ਵਿਭਾਗ) ਨੇ ਸਵਾਗਤੀ ਭਾਸ਼ਨ ਦਿੰਦਿਆਂ ਪੰਜਾਬੀ ਵਿਭਾਗ ਦੇ ਇਤਿਹਾਸਕ ਪਿਛੋਕੜ ਅਤੇ ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਉਦਘਾਟਨੀ ਭਾਸ਼ਨ ਵਿਚ ਅਜਿਹੇ ਸਾਹਿਤਕ ਉਪਰਾਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਮਹੰਤ ਰਮੇਸ਼ ਦਾਸ (ਮੈਂਬਰ, ਪ੍ਰਬੰਧਕ ਕਮੇਟੀ ਐਸ ਪੀ ਐਨ ਕਾਲਜ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਬਰਾਬਰੀ, ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਕਿਸੇ ਵੀ ਕੌਮ ਦੀ ਇਤਿਹਾਸਕ ਯਾਦ, ਸੱਭਿਆਚਾਰਕ ਵਿਰਾਸਤ ਅਤੇ ਭਾਸ਼ਾਈ ਪਛਾਣ ਦਾ ਮਹੱਤਵਪੂਰਨ ਸਾਧਨ ਹੈ। ਡਾ. ਰਾਜੇਸ਼ ਲਖਨਪਾਲ (ਆਡੀਟਰ, ਪ੍ਰਬੰਧਕ ਕਮੇਟੀ ਐਸ ਪੀ ਐਨ ਕਾਲਜ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਜਾਤ-ਪਾਤ ਅਤੇ ਸਮਾਜਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਮਾਨਤਾ, ਮਾਨਵਤਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ, ਜੋ ਮਨੁੱਖ ਨੂੰ ਆਪਣੀਆਂ ਜੜ੍ਹਾਂ, ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜਦਿਆਂ ਉਸ ਦੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ (ਕਵੀ ਅਤੇ ਚਿੰਤਕ) ਨੇ ਆਪਣਾ ਖੋਜ ਪੱਤਰ ਪੜ੍ਹਦਿਆਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ, ਸਮਾਜਿਕ ਚੇਤਨਾ, ਮਾਨਵਵਾਦੀ ਦ੍ਰਿਸ਼ਟੀਕੋਣ ਅਤੇ ਸਮਾਜ ਵਿਚ ਬਰਾਬਰੀ ਦੇ ਸੰਦੇਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਡਾ. ਗੁਰਨਾਮ ਸਿੰਘ ਚਨੌਰ ਨੇ ਵੀ ਆਪਣਾ ਖੋਜ-ਪੱਤਰ ਪੇਸ਼ ਕੀਤਾ ਅਤੇ ਵਿਸ਼ੇ ਨਾਲ ਸਬੰਧਿਤ ਅਹਿਮ ਵਿਚਾਰ ਸਾਂਝੇ ਕੀਤੇ। ਅਕਾਦਮਿਕ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਡਾ. ਜਸਵੰਤ ਰਾਏ (ਖੋਜ ਅਫ਼ਸਰ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ) ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਫ਼ਲਸਫ਼ੇ ਦੀ ਅਜੋਕੇ ਸਮਾਜਿਕ ਸੰਦਰਭ ਵਿੱਚ ਸਾਰਥਕਤਾ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਹਵਾਲੇ ਨਾਲ ਸਮਝਾਉਂਦਿਆਂ ਉਨ੍ਹਾਂ ਦੀ ਵਿਚਾਰਧਾਰਾ ਦੀ ਸਰਬਕਾਲੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਦੀਸ਼ ਸਿੰਘ (ਡਾਇਰੈਕਟਰ, ਨਾਦ ਪ੍ਰਗਾਸ, ਸ੍ਰੀ ਅੰਮ੍ਰਿਤਸਰ) ਨੇ ਕੀਤੀ। ਉਨ੍ਹਾਂ ਨੇ ਬਸਤੀਵਾਦੀ ਪ੍ਰਵਚਨ ਤੋਂ ਮੁਕਤ ਹੋ ਕੇ ਗੁਰੂ ਰਵਿਦਾਸ ਦੀ ਬਾਣੀ ਦੇ ਅੰਦਰਲੇ ਸੰਸਾਰ ਦੀ ਵੱਖ-ਵੱਖ ਪਰਿਪੇਖਾਂ ਤੋਂ ਖੋਜ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੱਛਮੀ ਆਲੋਚਨਾਤਮਕ ਵਿਧੀਆਂ ਰਾਹੀਂ ਗੁਰੂ ਰਵਿਦਾਸ ਦੀ ਬਾਣੀ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਇਸ ਦੇ ਲਈ ਭਾਰਤੀ ਪਰਿਸਥਿਤੀਆਂ ਅਨੁਸਾਰ ਨਵੀਂ ਸਿਧਾਂਤਕ ਸ਼ਬਦਾਵਲੀ ਘੜਣੀ ਪਵੇਗੀ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਪ੍ਰੋ. ਬਲਬੀਰ ਮੁਕੇਰੀਆਂ ਅਤੇ ਜਨਰਲ ਸਕੱਤਰ ਜਸਵੰਤ ਖਾਨਪੁਰੀ ਅਤੇ ਪੰਜਾਬੀ ਸਾਹਿਤ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ। ਅੰਤ ਵਿਚ ਪੰਜਾਬੀ ਸਾਹਿਤ ਸਭਾ (ਰਜਿ.), ਮੁਕੇਰੀਆਂ ਦੇ ਪ੍ਰਧਾਨ ਡਾ. ਸਰਬਜੋਤ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਮੁੱਖ ਮਹਿਮਾਨਾਂ, ਖੋਜ-ਪੱਤਰ ਪੇਸ਼ ਕਰਨ ਵਾਲੇ ਵਿਦਵਾਨਾਂ ਅਤੇ ਸਮੂਹ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸਾਹਿਤਕ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਕਾਲਜ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਹਿਯੋਗੀਆਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।