ਹਲਵਾਰਾ, 1 ਜਨਵਰੀ (ਮਨਦੀਪ ਸਿੰਘ ਉੱਭੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਾਜੋਆਣਾ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਅਟਾਰੀ ਸਾਹਿਬ ਤੋਂ ਕੀਤੀ ਗਈ | ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਿਆ, ਜਿੱਥੇ ਬਾਬਾ ਬਲਦੇਵ ਸਿੰਘ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਉਪਰੰਤ ਨਗਰ ਕੀਰਤਨ ਮੁੜ ਗੁਰਦੁਆਰਾ ਅਟਾਰੀ ਸਾਹਿਬ ਸੰਪੰਨ ਹੋਇਆ | ਇਸ ਮੌਕੇ ਢਾਡੀ ਜਥਾ ਭਾਈ ਗੋਬਿੰਦਰ ਸਿੰਘ ਜੈਪੁਰੀ ਵਲੋਂ ਗੁਰ-ਇਤਿਹਾਸ ਨਾਲ ਸਬੰਧਿਤ ਵਾਰਾਂ ਅਤੇ ਸ਼ਬਦਾਂ ਦੀ ਪ੍ਰਭਾਵਸ਼ਾਲੀ ਪ੍ਰਸਤੁਤੀ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਤੋਂ ਇਲਾਵਾ ਕੀਰਤਨੀ ਜੱਥਾ ਬਾਬਾ ਹਰਪਾਲ ਸਿੰਘ ਠਾਠ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ ਅਤੇ ਸ਼ਬਦ ਕੀਰਤਨ ਰਾਹੀਂ ਦਸਮੇਸ਼ ਪਿਤਾ ਦੇ ਜੀਵਨ, ਖ਼ਾਲਸੇ ਦੀ ਸਾਜਨਾ ਅਤੇ ਸਿੱਖੀ ਦੇ ਮਹਾਨ ਸਿਧਾਂਤਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ | ਸਟੇਜ਼ ਸੈਕਟਰੀ ਦੀ ਸੇਵਾ ਸਾਬਕਾ ਸਰਪੰਚ ਜਗਦੀਪ ਸਿੰਘ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਦੀਪ ਸਿੰਘ, ਗੁਰਬਖ਼ਸ਼ੀਸ ਸਿੰਘ, ਗੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਗੋਪੀ ਵਲੋਂ ਪ੍ਰਬੰਧ ਦੀ ਸੇਵਾ ਨਿਭਾਈ | ਨਗਰ ਕੀਰਤਨ ਦੌਰਾਨ ਪਿੰਡ ਦੀ ਸਫ਼ਲ ਸੇਵਾ ਸੁਸਾਇਟੀ ਦੇ ਨੌਜਵਾਨਾਂ ਵਲੋਂ ਰਸਤਿਆਂ ਦੀ ਸਫ਼ਾਈ, ਕਲੀ ਅਤੇ ਝਾੜੂ ਦੀ ਸੇਵਾ ਕੀਤੀ ਗਈ |