ਮੁੱਲਾਂਪੁਰ-ਦਾਖਾ, 28 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ) ਵਲੋਂ ਕਰਵਾਇਆ ਸਾਲਾਨਾ ਸੂਬਾਈ ਸੱਭਿਆਚਾਰਕ ਸਮਾਗਮ ਯਾਦਗਾਰੀ ਰਿਹਾ | ਸਮਾਰੋਹ ਦੀ ਆਰੰਭਤਾ ਗੁਰਸ਼ਰਨ ਕਲਾ ਭਵਨ ਦੇ ਖੁੱਲੇ੍ਹ ਵਿਹੜੇ ਵਿਚ ਪ੍ਰੋਫੈਸਰ ਅਜਮੇਰ ਸਿੰਘ ਔਲਖ ਓਪਨ ਏਅਰ ਥਿਏਟਰ ਦਾ ਨੀਂਹ ਪੱਥਰ ਰੱਖਣ ਨਾਲ ਹੋਈ | ਇਸ ਮੌਕੇ ਪ੍ਰੋਫੈਸਰ ਔਲਖ ਦੀ ਪਤਨੀ ਮਨਜੀਤ ਕੌਰ ਔਲਖ, ਰੰਗ ਕਰਮੀ ਡਾ: ਅਰੀਤ, ਡਾ: ਸੁਪਨਦੀਪ, ਮਨਜੀਤ ਸਿੰਘ ਚਾਹਲ, ਪ੍ਰੋਫੈਸਰ ਜਗਮੋਹਣ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਅਮੋਲਕ ਸਿੰਘ, ਹਰਕੇਸ਼ ਚੌਧਰੀ, ਪ੍ਰੋਫੈਸਰ ਜਗਮੋਹਣ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਰਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ, ਹੋਰ ਮੌਜੂਦ ਰਹੇ | ਅਜਮੇਰ ਅਕਲੀਆ ਵਲੋਂ ਵਿਛੜੇ ਰੰਗ ਕਰਮੀਆਂ ਅਤੇ ਜਮਹੂਰੀ ਲਹਿਰ ਦੇ ਹੋਰ ਸੰਗਰਾਮੀਆਂ ਨੂੰ ਯਾਦ ਕਰਦਿਆਂ ਸੰਤ ਰਾਮ ਉਦਾਸੀ ਦਾ ਗੀਤ ਪੇਸ਼ ਕੀਤਾ | ਮਾਸਟਰ ਰਾਮ ਕੁਮਾਰ ਦੀ ਨਿਰਦੇਸ਼ਨਾਂ ਹੇਠ ਲੋਕ ਸੰਗੀਤ ਮੰਡਲੀ ਭਦੌੜ ਦੇ ਰੰਗਕਰਮੀਆਂ ਵਲੋਂ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਬਾਕਮਾਲ ਸੀ | ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ ਨੇ ਜਿਥੇ ਗੁਰਦਿਆਲ ਰੋਸਨ ਦੀ ਗਜ਼ਲ ਪੇਸ਼ ਕੀਤੀ, ਉਥੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵਲੋਂ ਹੀ ਨਵ ਸਿਰਜੀਆਂ ਵਾਰਾਂ ਦਾ ਗਾਇਨ ਕੀਤਾ | ਗੁਰਸ਼ਰਨ ਕਲਾ ਭਵਨ ਵਿਖੇ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਰੰਗਕਰਮੀਆਂ/ਕਲਾਕਾਰਾਂ ਅਤੇ ਲੋਕ ਪੱਖੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਇਕ ਪਰਿਵਾਰ ਦੇ ਤੌਰ 'ਤੇ ਆਪਣੀ ਡਿਊਟੀ ਮਜ਼ਬੂਤ ਕਰਨ ਦੀ ਲੋੜ ਹੈ | ਇਸ ਸਮਾਗਮ ਵਿਚ ਯਸਪਾਲ, ਅਮੋਲਕ ਸਿੰਘ ਵਲੋਂ ਸੰਪਾਦਤ ਆਦਿਵਾਸੀ ਲੋਕਾਂ ਦੀ ਜ਼ਿੰਦਗੀ ਅਤੇ ਸੰਗਰਾਮ ਦੀ ਗਾਥਾ ਦੀ ਗੱਲ ਕਰਦੀਆਂ ਕਵਿਤਾਵਾਂ ਦੀ ਪੁਸਤਕ 'ਜੰਗਲ ਜਾਈਆਂ ਕਵਿਤਾਵਾਂ' ਪੁਸਤਕ ਲੋਕ ਅਰਪਣ ਕੀਤੀ ਗਈ |