ਮੁੱਲਾਂਪੁਰ-ਦਾਖਾ, 28 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਿਸਾਨ-ਮਜ਼ਦੂਰ ਮੋਰਚਾ ਭਾਰਤ ਦੇ ਸੱਦੇ 'ਤੇ ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ, ਮੀਤ ਪ੍ਰਧਾਨ ਕੁਲਦੀਪ ਸਿੰਘ ਮੋਹੀ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰਾਂ ਵਲੋਂ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਰਦਿਆਂ ਪਿੰਡ ਮੋਹੀ ਅੰਦਰ ਘਰੇਲੂ ਬਿਜਲੀ ਖ਼ਪਤਕਾਰਾਂ ਦੇ ਘਰਾਂ ਬਾਹਰ ਲੱਗੇ ਸਮਾਰਟ ਮੀਟਰ ਉਤਾਰ ਕੇ ਪਾਵਰਕਾਮ ਮੰਡਲ ਦਾਖਾ ਦਫ਼ਤਰ ਜਮ੍ਹਾਂ ਕਰਵਾਏ ਗਏ | ਇਸ ਮੌਕੇ ਕੁਲਦੀਪ ਸਿੰਘ ਮੋਹੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਰਾਹੀਂ ਵਿਭਾਗ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿਚ ਸੌਂਪਣ ਦੀ ਤਿਆਰੀ ਵਿਚ ਹੈ, ਪ੍ਰੰਤੂ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ | ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਨੇ ਦੱਸਿਆ ਕਿ ਪੁਰਾਣੇ ਮੀਟਰ ਦੀ ਖਰਾਬੀ 'ਤੇ ਪਾਵਰਕਾਮ ਵਲੋਂ ਮੀਟਰ ਦਾ ਖਰਚਾ 600 ਰੁਪਏ ਲਿਆ ਜਾਂਦਾ ਸੀ, ਜਦ ਕਿ ਚਿੱਪ ਵਾਲੇ ਮੀਟਰ ਦੀ ਖਰਾਬੀ ਜਾਂ ਸੜਨ 'ਤੇ 6600 ਰੁਪਏ ਲੋਕਾਂ 'ਤੇ ਵਾਧੂ ਭਾਰ ਹੈ | ਉਨ੍ਹਾਂ ਦੱਸਿਆ ਕਿ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਬਿਜਲੀ ਸੋਧ ਬਿੱਲ ਹੇਠ ਚਾਲੂ ਕੀਤੀ ਗਈ ਹੈ, ਨਿੱਜੀ ਬਿਜਲੀ ਕੰਪਨੀਆਂ ਨੂੰ ਵੱਧ ਮੁਨਾਫ਼ਾ ਦੇਣ ਦੇ ਨਾਲ ਬਿਜਲੀ ਖ਼ਰੀਦ ਸਮਝੌਤਿਆਂ ਰਾਹੀਂ ਨਿੱਜੀ ਥਰਮਲ ਪਲਾਂਟਾ ਤੋਂ ਮਹਿੰਗੇ ਭਾਅ ਬਿਜਲੀ ਖ਼ਰੀਦ ਕੇ ਸਰਕਾਰੀ ਖਜ਼ਾਨੇ ਦੀ ਅੰਨ੍ਹੀ ਲੁੱਟ ਲਈ ਬਿਜਲੀ ਸੋਧ ਬਿੱਲ ਲਿਆਂਦਾ ਗਿਆ | ਜਥੇਬੰਦੀ ਦੇ ਜ਼ਿਲ੍ਹਾ ਆਗੂ ਮਾ: ਗੁਰਮੀਤ ਸਿੰਘ ਮੋਹੀ ਨੇ ਕਿਹਾ ਕਿ ਪਾਵਰਕਾਮ ਦੁਆਰਾ ਆਮ ਖ਼ਪਤਕਾਰਾਂ ਦੇ ਘਰਾਂ ਵਿਚ ਪ੍ਰੀਪੇਡ ਮੀਟਰ ਲਗਾਉਣ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਜਾਰੀ ਰਹੇਗਾ, ਬਿਜਲੀ ਮਹਿਕਮੇ ਵਲੋਂ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਦਾ ਫ਼ੈਸਲਾ ਵਾਪਿਸ ਨਾ ਲਿਆ ਤਾਂ ਬਿਜਲੀ ਉਪ ਮੰਡਲਾਂ ਦਾ ਘਿਰਾਓ ਕਰਾਂਗੇ | ਇਸ ਸਮੇਂ ਜਸਮੇਲ ਸਿੰਘ, ਪਰਦੀਪ ਸਿੰਘ ਮਾਂਗਟ, ਕੇਵਲ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਰਛਪਾਲ ਸਿੰਘ, ਜਗਰਾਜ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਕਿਰਨਦੀਪ ਸਿੰਘ, ਕਰਮਜੀਤ ਸਿੰਘ, ਗੁਰਮੁੱਖ ਸਿੰਘ ਬੱਲੋਵਾਲ, ਹੋਰ ਮੌਜੂਦ ਸਨ |