ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਜਰਖੇਜ਼ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਕਿਸਾਨੀ ਉੱਪਰ ਹਮਲਾ ਕਰਦੇ ਹੋਏ ਬੀਜ ਐਕਟ, ਲੈਂਡ ਐਕੁਜੀਸ਼ਨ ਐਕਟ, ਚਿੱਪ ਵਾਲੇ ਮੀਟਰਾਂ ਰਾਹੀਂ ਬਿਜਲੀ ਸੋਧ ਬਿੱਲ ਲਿਆ ਕੇ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਮੁੜ ਫੇਰ ਤੋਂ ਲਿਆਂਦੀਆ ਜਾ ਰਹੀਆਂ ਹਨ ਅਤੇ ਸਰਕਾਰਾਂ ਦੀਆਂ ਇੰਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਦਾ ਟਾਕਰਾ ਜਥੇਬੰਦਕ ਹੋ ਕੇ ਹੀ ਕੀਤਾ ਜਾ ਸਕਦਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਏਕੋਟ ਦੇ ਪਿੰਡ ਸੁਖਾਣਾ ਵਿਖੇ ਕਰਮਜੀਤ ਸਿੰਘ ਬਲਾਕ ਜਨਰਲ ਸਕੱਤਰ ਪੱਖੋਵਾਲ ਵਲੋਂ ਜਗਰੂਪ ਸਿੰਘ ਭੈਣੀ ਬੜਿੰਗਾ ਆਦਿ ਆਗੂਆਂ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਇਕਾਈ ਚੁਣਨ ਉਪਰੰਤ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਹਰ ਸਾਲ ਕਿਹਾ ਜਾਂਦਾ ਹੈ ਕਿ ਚਾਈਨਾ ਡੋਰ ਮਨੁੱਖੀ ਜ਼ਿੰਦਗੀਆਂ ਅਤੇ ਜੀਵ-ਜੰਤੂਆਂ ਲਈ ਬਹੁਤ ਖ਼ਤਰਨਾਕ ਹੈ, ਇਸ ਲਈ ਸਰਕਾਰ ਵਲੋਂ ਸਖ਼ਤੀ ਨਾਲ ਚਾਈਨਾ ਡੋਰ ਉੱਪਰ ਪਾਬੰਦੀ ਲਗਾਈ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਹਕੀਕਤ ਵਿਚ ਚਾਈਨਾ ਡੋਰ ਉੱਪਰ ਪਾਬੰਦੀ ਲਗਾਈ ਹੋਈ ਹੈ ਤਾਂ ਫਿਰ ਇਹ ਚਾਈਨਾ ਡੋਰ ਕਿਵੇਂ ਬਜ਼ਾਰਾਂ ਰਾਹੀਂ ਲੋਕਾਂ ਦੇ ਹੱਥਾਂ ਵਿਚ ਪਹੁੰਚ ਰਹੀ ਹੈ? ਜੋ ਵੀ ਆਪਣੇ-ਆਪ ਵਿਚ ਇਕ ਬੁਝਾਰਤ ਬਣ ਚੁੱਕੀ ਹੈ | ਕਰਮਜੀਤ ਸਿੰਘ ਨੇ ਇਹ ਵੀ ਆਖਿਆ ਕਿ ਜਦੋਂ ਵੀ ਇਸ ਖੂਨੀ ਡੋਰ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਲਈ ਜ਼ਿਲ੍ਹਾ ਦਾ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਥਾਣਾ ਮੁਖੀ ਦੋਸ਼ੀ ਹੈ ਕਿਉਂਕਿ ਉਨ੍ਹਾਂ ਦੀਆਂ ਨਾਕਾਮੀਆਂ ਕਾਰਨ ਹੀ ਚਾਈਨਾ ਡੋਰ ਹਵਾ ਵਿਚ ਮੌਤ ਵੰਡ ਰਹੀ ਹੈ, ਉੱਥੇ ਹੀ ਰਾਹਗੀਰਾਂ ਨੂੰ ਵੀ ਹਰ ਸਮੇਂ ਮੌਤ ਦਾ ਖੌਫ਼ ਬਣਿਆ ਰਹਿੰਦਾ ਹੈ | ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਹੀ ਚਾਈਨਾ ਡੋਰ ਦੇ ਕਹਿਰ ਕਾਰਨ ਕਈ ਅਣਿਆਈ ਮੌਤਾਂ ਹੋ ਚੁੱਕੀਆਂ ਹਨ, ਇਸ ਲਈ ਪੁਲਿਸ ਪ੍ਰਸ਼ਾਸਨ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦੋਸ਼ ਅਧੀਨ ਮੁਕੱਦਮਾ ਦਰਜ਼ ਕਰੇ | ਇਸ ਮੌਕੇ ਬੀ.ਕੇ.ਯੂ (ਸਿੱਧੂਪੁਰ) ਇਕਾਈ ਸੁਖਾਣਾ ਦਾ ਗਠਨ ਕਰਦਿਆਂ ਪਰਮਜੀਤ ਸਿੰਘ ਸੁਖਾਣਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਪਵਿੱਤਰ ਸਿੰਘ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਮੀਤ ਪ੍ਰਧਾਨ, ਹਰਪ੍ਰੀਤ ਸਿੰਘ, ਸੁਖਜੀਵਨ ਸਿੰਘ, ਧੰਨਪ੍ਰੀਤ ਸਿੰਘ, ਰਣਜੀਤ ਸਿੰਘ, ਜਸਮੇਲ ਸਿੰਘ, ਜਰਨੈਲ ਸਿੰਘ, ਹਰਚੰਦ ਸਿੰਘ, ਬਲਵੰਤ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ, ਨੰਬਰਦਾਰ ਰਣਧੀਰ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ | ਇਸ ਮੌਕੇ ਪ੍ਰਧਾਨ ਰਘਵੀਰ ਸਿੰਘ, ਪ੍ਰਧਾਨ ਜਗਦੇਵ ਸਿੰਘ, ਤਰਸੇਮ ਲਾਲ, ਸੁਖਵਿੰਦਰ ਸਿੰਘ ਰਾਮਾ, ਅਜਮੇਰ ਸਿੰਘ ਰਾਜੋਆਣਾ, ਤਾਰਾ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |