ਹਠੂਰ, 30 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਸੰਸਾਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਬਾਨੀ ਮੁੱਖ ਸੇਵਾਦਾਰ ਸੱਚਖੰਡਵਾਸੀ ਬਾਬਾ ਜੋਰਾ ਸਿੰਘ ਲੱਖਾ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ | ਜਿਸ 'ਚ ਅਖੰਡ ਪਾਠ ਆਰੰਭ ਕਰਵਾਏ ਗਏ ਅਤੇ ਅੱਜ ਉਨ੍ਹਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ | ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਪੁੱਜੇ | ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਸ਼ਿੰਦਾ ਅਤੇ ਰਾਗੀ ਭਾਈ ਹਰਜਿੰਦਰ ਸਿੰਘ ਰਸੂਲਪੁਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਮਾਗਮ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਦੀ ਸਿੱਖ ਕੌਮ ਨੂੰ ਵੱਡੀ ਦੇਣ ਹੈ, ਜਿੰਨ੍ਹਾਂ ਨੇ ਆਪਣੇ ਸਵਾਸਾਂ ਦੀ ਪੂੰਜ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਲਾ ਦਿੱਤੀ | ਆਪਣੇ ਤਨ ਮਨ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਜਿੱਥੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਸ਼ਾਖਸਾਤ ਇਤਿਹਾਸ ਸਿਰਜਕੇ ਬਹੁਤ ਵੱਡਾ ਕਾਰਜ ਕੀਤਾ, ਉੱਥੇ ਉਨ੍ਹਾਂ ਨੇ ਅੱਜ ਤੋਂ 31 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਦਿਹਾੜੇ ਨੂੰ ਅਲੌਕਿਕ ਦਸਮੇਸ਼ ਪੈਦਲ ਮਾਰਚ ਦੇ ਰੂਪ 'ਚ ਸ਼ੁਰੂ ਕਰਕੇ ਸੰਗਤਾਂ 'ਚ ਸਿੱਖੀ ਅਤੇ ਗੁਰੂ ਜੀ ਦੇ ਜੀਵਨ ਸਬੰਧੀ ਅਜਿਹੀ ਚਿਣਗ ਲਾਈ ਕਿ ਅੱਜ ਸਮੁੱਚੀ ਕੌਮ ਇਹ ਦਿਹਾੜੇ ਸ਼ਰਧਾ-ਭਾਵਨਾ, ਉਤਸ਼ਾਹ ਅਤੇ ਵੈਰਾਗਮਈ ਪਲਾਂ 'ਚ ਮਨਾਉਣ ਲੱਗੇ ਹਨ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਾਬਾ ਜੋਰਾ ਸਿੰਘ ਲੱਖਾ ਨਾਲ ਅਥਾਹ ਪਿਆਰ ਸੀ ਅਤੇ ਮੁਰਸ਼ਦ ਬਾਬਾ ਨਰਾਇਣ ਸਿੰਘ ਦਾ ਵੀ ਇੰਨ੍ਹਾਂ ਨਾਲ ਪਿਆਰ ਸੀ ਅਤੇ ਇਸ ਅਸਥਾਨ ਦੀ ਨਿਉਂ ਉਨ੍ਹਾਂ ਦੀ ਦੇਖ-ਰੇਖ 'ਚ ਰੱਖੀ ਗਈ ਸੀ | ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਪੂਰਨੇ ਪਾਏ ਸਨ ਅੱਜ ਉਨ੍ਹਾਂ ਦੇ ਪੋਤਰੇ ਭਾਈ ਕੁਲਵੰਤ ਸਿੰਘ ਲੱਖਾ ਵਲੋਂ ਵੀ ਸੇਵਾ 'ਚ ਡਟਕੇ ਪਹਿਰਾ ਦਿੱਤਾ ਜਾ ਰਿਹਾ ਹੈ | ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਮੌਕੇ ਬਾਬਾ ਜੋਰਾ ਸਿੰਘ ਲੱਖਾ ਦੇ ਜੀਵਨ ਸਬੰਧੀ ਚਾਨਣਾ ਪਾਉਂਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ | ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ ਇਸ ਮੌਕੇ ਆਈਆਂ ਸਮੂਹ ਧਾਰਮਿਕ ਸ਼ਖ਼ਸੀਅਤਾਂ ਦਾ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਅਕਾਲੀ ਆਗੂ, ਜਗਦੀਪ ਸਿੰਘ ਸਿੱਧੂ ਕਾਂਗਰਸੀ ਆਗੂ, ਜਥੇਦਾਰ ਸੁਖਦੇਵ ਸਿੰਘ ਦੇਹੜਕਾ, ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ, ਸਿੰਦਰ ਸਿੰਘ ਲੱਖਾ, ਅਵਤਾਰ ਸਿੰਘ ਧਾਲੀਵਾਲ (ਪੁੱਤਰ ਬਾਬਾ ਜੋਰਾ ਸਿੰਘ ਲੱਖਾ), ਅਜੈਬ ਸਿੰਘ ਯੂ. ਪੀ., ਸੈਕਟਰੀ ਗੁਰਮੀਤ ਸਿੰਘ ਲੱਖਾ, ਬਲਵੀਰ ਸਿੰਘ ਲੱਖਾ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |