ਮੁੱਲਾਂਪੁਰ-ਦਾਖਾ, 2 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਾਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਤੋਂ ਪੜ੍ਹਾਈ ਕਰਨ ਵਾਲੇ ਦਰਜਨਾਂ ਵਿਦਿਆਰਥੀ ਅੱਜ ਵੱਡੇ ਅਹੁਦਿਆਂ ਉੱਪਰ ਸੁਸ਼ੋਭਿਤ ਹਨ | ਵਿਦਿਆਰਥੀਆਂ ਨੂੰ ਭਵਿੱਖ ਲਈ ਗਾਈਡ ਕਰਨ ਲਈ ਸਮੇਂ-ਸਮੇਂ ਜਾਗਰੂਕ ਕੀਤਾ ਜਾਂਦਾ ਹੈ | ਅੱਜ ਸਕੂਲ ਕੈਂਪਸ ਅੰਦਰ ਇਕ ਕੈਰੀਅਰ ਗਾਈਡੈਂਸ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਪੁਰਾਣੇ ਵਿਦਿਆਰਥੀ ਆਈ.ਏ.ਐੱਸ ਅਫ਼ਸਰ ਤਰਨਜੋਤ ਸਿੰਘ ਹੀਰਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਤਰਨਜੋਤ ਸਿੰਘ ਹੀਰਾ ਦਾ ਗੁਰੂ ਨਾਨਕ ਸਕੂਲ ਪਹੁੰਚਣ 'ਤੇ ਪ੍ਰਬੰਧਕੀ ਕਮੇਟੀ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ | ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਨੇ ਕਿਹਾ ਕਿ ਦਿ੍ੜ ਇਰਾਦੇ, ਸਖ਼ਤ ਮਿਹਤਨ ਅਤੇ ਲਗਨ ਨਾਲ ਹਰ ਨਿਸ਼ਚੇ ਨੂੰ ਪਾਰ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਕਿਸੇ ਜਲਦਬਾਜ਼ੀ ਵਿਚ ਕੈਰੀਅਰ ਦੀ ਚੋਣ ਨਾ ਕੀਤੀ ਜਾਵੇ, ਜਿਸ ਨਾਲ ਜ਼ਿੰਦਗੀ ਭਰ ਪਛਤਾਵਾ ਕਰਨਾ ਪਵੇ, ਇਸ ਸਬੰਧੀ ਆਪਣੇ ਮਾਪਿਆਂ ਜਾਂ ਅਧਿਆਪਕਾਂ ਨਾਲ ਸਲਾਹ ਜ਼ਰੂਰ ਕੀਤੀ ਜਾਵੇ | ਉਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਤਰੀਕਿਆਂ ਅਤੇ ਰੁਜ਼ਗਾਰ ਯੋਗਤਾ ਆਦਿ ਬਾਰੇ ਵਿਸਥਾਰਪੂਰਵਕ ਦੱਸਦਿਆਂ ਸਰਕਾਰੀ ਖੇਤਰ ਵਿਚ ਸਰਵਿਸਜ਼ ਸਿਲੈਕਸ਼ਨ ਬੋਰਡ, ਸਿਵਲ ਸਰਵਿਸ ਪੰਜਾਬ, ਭਾਰਤੀ ਪ੍ਰਸ਼ਾਸਨਿਕ, ਹੋਰ ਪ੍ਰੀਖਿਆਵਾਂ ਦੀ ਤਿਆਰੀ ਸੰਬੰਧੀ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ | ਜ਼ਿਕਰਯੋਗ ਹੈ ਕਿ ਤਰਨਜੋਤ ਸਿੰਘ ਨੇ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਤੱਕ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੁਆਰਾ ਪ੍ਰਾਪਤ ਕਰਨ ਅਤੇ ਆਈ.ਆਈ.ਜੀ. ਰੁੜਕੀ ਤੋਂ ਬੀ.ਟੈੱਕ ਡਿਗਰੀ ਹਾਸਲ ਕਰਨ ਉਪਰੰਤ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਅਤੇ ਹੁਣ ਬਿਹਾਰ ਦੇ ਬੇਤੀਆ ਜ਼ਿਲ੍ਹੇ ਅੰਦਰ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਸੇਵਾਵਾਂ ਨਿਭਾਅ ਰਿਹਾ ਹੈ |