ਮੁੱਲਾਂਪੁਰ-ਦਾਖਾ, 5 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਅਮਰੀਕਾ ਅਤੇ ਭਾਰਤ ਵਪਾਰ ਸਮਝੌਤੇ ਦੌਰਾਨ ਟੈਰਿਫ ਨੂੰ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਸਮੇਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਮਿੱਤਰਤਾ ਨੂੰ ਮੁੱਖ ਰੱਖਦਿਆਂ ਡੋਨਾਲਡ ਟਰੰਪ ਨੇ ਹਰ ਗੱਲ 'ਤੇ ਗੌਰ ਕੀਤੀ, ਇਥੋਂ ਤੱਕ ਕਿ ਅਮਰੀਕਾ ਵਪਾਰ ਸਮਝੌਤੇ ਸਮੇਂ ਕਿਸਾਨਾਂ, ਖੇਤੀ ਸੈਕਟਰ ਅਤੇ ਡੇਅਰੀ ਉਤਪਾਦਾਂ ਦਾ ਪੂਰਾ ਧਿਆਨ ਰੱਖਿਆ ਗਿਆ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਵਲੋਂ ਕੀਤਾ ਗਿਆ | ਸਾਬਕਾ ਐੱਮ.ਪੀ ਆਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਂਸਦ ਰਾਹੁਲ ਕੋਲ ਕੇਂਦਰ ਸਰਕਾਰ ਦੀ ਆਲੋਚਨਾ ਬਿਨਾਂ ਹੋਰ ਕੁਝ ਵੀ ਨਹੀਂ | ਲੋਕ ਸਭਾ 'ਚ ਹੰਗਾਮਿਆਂ ਦੀ ਪਿਰਤ ਵੀ ਕਾਂਗਰਸ ਪਾਰਟੀ ਵਲੋਂ ਪਾਈ ਗਈ | ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਰਾਹੁਲ ਗਾਂਧੀ ਦੀ ਘਟੀਆ ਟਿੱਪਣੀ ਸਵੀਕਾਰਨਯੋਗ ਨਹੀਂ ਹੈ | ਉਨ੍ਹਾਂ ਕਿਹਾ ਕਿ ਰਾਜਾਸ਼ਾਹੀ 'ਚ ਜੀਅ ਰਿਹਾ ਸਾਂਸਦ ਰਾਹੁਲ ਗਾਂਧੀ ਸਦਨ ਦੀ ਕਾਰਵਾਈ ਦੌਰਾਨ ਹਮੇਸ਼ਾਂ ਵਾਧੂ ਬੋਲ ਜਾਂਦਾ |