ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਬਾਬਾ ਬੂਟਾ ਸਿੰਘ ਪਿੰਡ ਪੱਬੀਆ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਸੰਦੀਪ ਸਿੰਘ ਦੇ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ | ਇਸ ਮੌਕੇ ਸਮੁੱਚੀ ਸੱਗਤ ਵੱਲੋਂ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਕਰਦਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਡਾ. ਮੋਹਨ ਸਿੰਘ ਮੱਲ੍ਹੀ, ਗੁਰਮੇਲ ਸਿੰਘ ਪੱਬੀਆਂ, ਗੁਰਚਰਨ ਸਿੰਘ ਕਾਕੂ ਫੌਜੀ ਤੇ ਇੰਦਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਅੱਜ ਦੇ ਸਮਾਗਮ ਵਿਚ ਰਿਟਾਇਰ ਗਰੁੱਪ ਕੈਪਟਨ ਐੱਸ.ਬੀ ਖਾਟੂ (ਪਾਇਲਟ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਮੈਡਮ ਖਾਟੂ ਤੇ ਰਿਟਾਇਰ ਏਅਰ ਮਾਰਸਲ ਪੀ.ਐੱਸ ਭੰਗੂ ਵੀ ਸਮਾਗਮ ਵਿਚ ਪਹੁੰਚੇ ਤੇ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ | ਇੱਥੇ ਜਿਕਰਯੋਗ ਹੈ ਕਿ ਰਿਟਾਇਰ ਗਰੁੱਪ ਕੈਪਟਨ ਐੱਸ.ਬੀ ਖਾਟੂ ਨੇ 1983 ਵਿਚ ਪਿੰਡ ਪੱਬੀਆਂ 'ਤੇ ਡਿੱਗਣ ਵਾਲੇ ਜਹਾਜ਼ ਨੂੰ ਪਿੰਡ ਪੱਬੀਆਂ ਤੇ ਸੋਹੀਆਂ ਵਿਚਕਾਰ ਖੇਤਾਂ ਵਿਚ ਸੁੱਟ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਸਨ | ਇਸ ਮੌਕੇ ਰਿਟਾਇਰ ਗਰੁੱਪ ਕੈਪਟਨ ਐੱਸ.ਬੀ ਖਾਟੂ ਨੇ ਕਿਹਾ ਕਿ 6 ਸਤੰਬਰ 1983 ਵਿਚ ਮੈਂ ਹਲਵਾਰਾ ਹਵਾਈ ਅੱਡੇ ਤੋਂ ਰਾਤ 8:15 ਵਜੇ ਜਹਾਜ਼ ਦੀ ਉਡਾਨ ਭਰੀ ਤਾਂ ਜਹਾਜ਼ 200 ਮੀਟਰ ਦੀ ਉਚਾਈ 'ਤੇ ਗਿਆ ਤੇ ਨਾਲ ਕੋਈ ਪੰਛੀ ਟਕਰਾ ਗਿਆ ਤੇ ਇਕ ਦਮ ਜਹਾਜ਼ ਨੂੰ ਅੱਗ ਲੱਗ ਗਈ ਤੇ ਜਹਾਜ਼ ਨੂੰ ਉੱਚਾਈ 'ਤੇ ਲਿਜਾਇਆ ਗਿਆ ਤਾਂ ਜੋ ਜਹਾਜ਼ ਵਸੋਂ ਵਾਲੀ ਜਗ੍ਹਾ ਜਾਂ ਕਿਸੇ ਪਿੰਡ 'ਤੇ ਨਾ ਡਿੱਗ ਸਕੇ ਤੇ ਮੈਂ ਜਹਾਜ਼ ਨੂੰ ਖੇਤਾਂ ਵਿਚ ਸੁੱਟਣ ਵਿਚ ਸਫ਼ਲ ਹੋਇਆ | ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਨੇ ਉਸ ਸਮੇਂ ਵੀ ਮੇਰਾ ਮਾਣ-ਸਨਮਾਨ ਕੀਤਾ ਤੇ ਅੱਜ ਵੀ ਮੈਨੂੰ ਵੱਡਾ ਮਾਣ ਬਖ਼ਸਿਆ | ਜਿਸ ਦਾ ਸਦਾ ਮੈਂ ਤੇ ਮੇਰਾ ਪਰਿਵਾਰ ਰਿਣੀ ਰਹੇਗਾ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵਲੋਂ ਰਿਟਾਇਰ ਗਰੁੱਪ ਕੈਪਟਨ ਐੱਸ.ਬੀ ਖਾਟੂ ਦਾ ਪਿੰਡ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਤੋਂ ਵੀ ਰਿਟਾਇਰ ਗਰੁੱਪ ਕੈਪਟਨ ਐੱਸ.ਬੀ ਖਾਟੂ ਨੇ ਅਸ਼ੀਰਵਾਦ ਲਿਆ | ਇਸ ਮੌਕੇ ਡੀ.ਐੱਸ.ਪੀ ਸਤਪਾਲ ਸਿੰਘ ਪੱਬੀਆਂ, ਨੰਬਰਦਾਰ ਤੀਰਥ ਸਿੰਘ ਮੱਲ੍ਹੀ, ਮੰਗਲ ਸਿੰਘ, ਸਾਬਕਾ ਪੁਲਿਸ ਮੁਲਾਜ਼ਮ ਹਰਚੰਦ ਸਿੰਘ ਹਾਂਸ, ਮੰਗਲ ਸਿੰਘ ਆਦਿ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |