ਗੁਰੂਸਰ ਸੁਧਾਰ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਦੇ ਮੌਕੇ 'ਤੇ ਪੰਜਾਬੀ ਸਾਹਿਤ ਸਭਾ ਵਲੋਂ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਵਿਖੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨਾਲ ਸਬੰਧਿਤ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਕਾਲਜ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ: ਜਗਜੀਤ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਬੋਲੀ ਦੇ ਸ਼ੁੱਧ ਮੂਲ ਅਸੂਲਾਂ ਬਾਰੇ ਵਿਸਥਾਰ ਅੰਦਰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਬੋਲੀ ਦੇ ਉਚਾਰਨ ਅਤੇ ਲਿਖਣ ਕੌਸ਼ਲ ਵਿਚ ਆਮ ਤੌਰ 'ਤੇ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਵੱਲ ਧਿਆਨ ਦਿਵਾਇਆ ਤੇ ਸ਼ਬਦ ਜੋੜ, ਲਗਾ ਮਾਤਰਾਵਾਂ ਅਤੇ ਲਗਾਖ਼ਰਾਂ ਦੀ ਸਹੀ ਵਰਤੋਂ ਨੂੰ ਉਦਾਹਰਣਾਂ ਸਹਿਤ ਸਮਝਾਇਆ | ਆਪਣੇ ਸੰਬੋਧਨ ਵਿਚ ਡਾ: ਜਗਜੀਤ ਸਿੰਘ ਨੇ ਕਿਹਾ ਕਿ ਮਾਂ ਬੋਲੀ ਦੇ ਸਤਿਕਾਰ ਕਰਨ, ਸ਼ੁੱਧ ਪੰਜਾਬੀ ਬੋਲਣ, ਲਿਖਣ ਨਾਲ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਤੇ ਇਸ ਨਾਲ ਕੌਮਾਂ ਦੀ ਪਹਿਚਾਣ ਦੇਸ਼-ਦੁਨੀਆਂ ਦੇ ਹਰ ਕੋਨੇ ਵਿਚ ਹਮੇਸ਼ਾਂ ਕਾਇਮ ਰਹਿੰਦੀ ਹੈ | ਕਾਲਜ ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਸਦਕਾ ਸਦਾ ਮਾਣ ਹੋਣਾ ਚਾਹੀਦਾ ਹੈ | ਪਿ੍ੰ: ਡਾ: ਗਰਚਾ ਨੇ ਇਸ ਮੌਕੇ ਕਾਲਜ ਵਿਚ ਕਰਵਾਈ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਡਾ: ਜਗਜੀਤ ਸਿੰਘ ਨੂੰ ਇਸ ਅਕਾਦਮਿਕ ਉਪਰਾਲੇ ਦੀ ਵਧਾਈ ਦਿੱਤੀ |