ਹੰਬੜਾਂ, 23 ਫਰਵਰੀ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਪਿੰਡ ਖਹਿਰਾ ਬੇਟ ਵਿਖੇ ਨਾਜਾਇਜ਼ ਮਾਈਨਿੰਗ ਵਿਰੁੱਧ ਚੱਲ ਰਹੇ ਧਰਨੇ ਦੌਰਾਨ ਐਲਾਨ ਕੀਤਾ ਕਿ ਸਤਲੁਜ ਦਰਿਆ ਦੇ ਨਾਜੁਕ ਧੁਸੀ ਬੰਨ੍ਹ ਅੰਦਰ ਰੇਤ ਮਾਫੀਏ ਵਲੋਂ ਮਾਈਨਿੰਗ ਕੀਤੇ ਜਾਣ ਨੂੰ ਪੱਕੇ ਤੌਰ 'ਤੇ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਡੀ.ਸੀ. ਦਫ਼ਤਰ ਲੁਧਿਆਣਾ ਅੱਗੇ ਧਰਨਾ ਦੇਵੇਗੀ | ਸੂਬਾ ਪ੍ਰਧਾਨ ਖੋਸਾ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਵਿਚ ਜੋ ਨਾਜਾਇਜ਼ ਸਾਈਟਾਂ ਸਨ | ਉਨ੍ਹਾਂ ਵਿਰੁੱਧ ਐੱਨ.ਜੀ.ਟੀ ਵਲੋਂ ਸਟੇਅ ਹੋ ਚੁੱਕੀ ਹੈ, ਜਿਸ ਵਿਚ ਖਹਿਰਾ ਬੇਟ ਸਾਈਟ ਜੋ ਕਿ ਪਿੰਡ ਖਹਿਰਾ ਬੇਟ ਦੇ ਬਿਲਕੁੱਲ ਨਜ਼ਦੀਕ ਹੋਣ ਕਰਕੇ ਸਟੇਅ ਅਧੀਨ ਆਉਂਦੀ ਹੈ, ਪਰ ਪ੍ਰਸ਼ਾਸਨ ਮੰਨਣ ਲਈ ਤਿਆਰ ਨਹੀਂ, ਜਿਸ ਲਈ ਜਥੇਬੰਦੀ ਨੂੰ ਮਜ਼ਬੂਰਨ ਸਖ਼ਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਵੇਗਾ | ਰੇਤ ਮਾਫੀਏ ਵਿਰੁੱਧ ਚੱਲ ਰਹੇ ਪੱਕੇ ਧਰਨੇ ਦੀ ਅਗਵਾਈ ਕਰ ਰਹੇ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਅਤੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋ ਦਿਨਾਂ ਦੇ ਅੰਦਰ ਇਥੋਂ ਪੋਪਲੇਨ ਮਸ਼ੀਨਾਂ ਨਾ ਹਟਾਈਆਂ ਤਾਂ ਸਾਨੂੰ ਮਜ਼ਬੂਰਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ | ਇਸ ਮੌਕੇ ਜਤਿੰਦਰਪਾਲ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਜਗਰਾਉਂ, ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਜ਼ਿਲ੍ਹਾ ਮੀਤ ਪ੍ਰਧਾਨ ਧਿਆਨ ਸਿੰਘ ਗੌਂਸਪੁਰ, ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਤੇ ਵੱਡੀ ਗਿਣਤੀ 'ਚ ਧਰਨਾਕਾਰੀ ਮੌਜੂਦ ਸਨ |