ਜਗਰਾਉਂ, 23 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਭਰ 'ਚ ਹਰ ਹਲਕੇ 'ਚ ਲੋਕਾਂ ਨੂੰ ਲਾਮਬੰਦ ਕਰਨ ਲਈ ਰੈਲੀਆਂ ਸ਼ੁਰੂ ਕੀਤੀਆਂ ਗਈਆਂ ਹਨ | ਇਸੇ ਤਹਿਤ ਹੀ 18 ਮਾਰਚ ਨੂੰ ਜਗਰਾਉਂ ਦਾਣਾ ਮੰਡੀ ਵਿਖੇ ਸ: ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਅਕਾਲੀ ਦਲ ਵਲੋਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐੱਸ.ਆਰ.ਕਲੇਰ ਦੀ ਅਗਵਾਈ ਹੇਠ ਹੋਈ ਭਰਵੀਂ ਬੈਠਕ ਦੌਰਾਨ ਹਲਕਾ ਇੰਚਾਰਜ ਨੇ ਪਾਰਟੀ ਵਰਕਰਾਂ ਨੂੰ ਇਹ ਰੈਲੀ ਦੀ ਸਫ਼ਲਤਾ ਲਈ ਕਮਰਕੱਸੇ ਕਸ ਲੈਣ ਦਾ ਸੱਦਾ ਦਿੱਤਾ | ਇਸ ਦੌਰਾਨ ਸ੍ਰੀ ਕਲੇਰ ਨੇ ਰੈਲੀ ਨੂੰ ਕਾਮਯਾਬ ਕਰਨ ਲਈ ਪਾਰਟੀ ਵਰਕਰਾਂ ਤੋਂ ਸੁਝਾਅ ਹਾਸਲ ਕੀਤੇ | ਸ੍ਰੀ ਕਲੇਰ ਨੇ ਆਖਿਆ 'ਆਪ' ਦੀ ਝੂਠ-ਕੂੜ ਨੀਤੀ ਨੂੰ ਚੱਲਦਾ ਕਰਨ ਲਈ ਜਥੇਬੰਦ ਹੋਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ 18 ਮਾਰਚ ਦੀ ਰੈਲੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਲੋਕ ਲਹਿਰ ਖੜ੍ਹੀ ਕਰਨ ਦਾ ਵੇਲਾ ਹੈ, ਜਿਸ ਲਈ ਮਿਤੀ 1 ਮਾਰਚ ਤੋਂ ਹਲਕੇ ਦੇ ਸਾਰੇ ਪਿੰਡਾਂ ਵਿਚ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ | ਇਸ ਮੌਕੇ ਸ੍ਰੀ ਕਲੇਰ ਨੇ 18 ਦੀ ਰੈਲੀ ਦੀ ਸਫ਼ਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰੈਲੀ ਦੇ ਲਾਮਿਸਾਲ ਇਕੱਠ ਨਾਲ ਮੁੱਖ ਮੰਤਰੀ ਦੇ ਨਾਲ-ਨਾਲ ਦਿੱਲੀ ਦੇ ਆਗੂਆਂ ਦੀਆਂ ਚਾਲਾਂ ਵੀ ਢਿੱਲੀਆਂ ਹੋ ਜਾਣਗੀਆਂ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਝੂਠ ਤੇ ਕੂੜ ਨੀਤੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਸੱਤ੍ਹਾ ਦੇ ਚਾਰ ਸਾਲ ਲੰਘਾ ਲਏ ਪ੍ਰੰਤੂ ਪੰਜਾਬ ਦੇ ਲੋਕ ਹੁਣ ਕੇਜਰੀਵਾਲ ਲਾਣੇ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ | ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਉਂ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੱਡੀ, ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਉਂ, ਹਲਕਾ ਐੱਸ.ਸੀ. ਵਿੰਗ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਆਈ.ਟੀ. ਵਿੰਗ ਹਲਕਾ ਪ੍ਰਧਾਨ ਸੁਖਦੇਵ ਸਿੰਘ ਜੱਗਾ ਕਾਉਂਕੇ, ਭਿੰਦਾ ਸਿਵੀਆ, ਯੂਥ ਆਗੂ ਜਤਿੰਦਰ ਸਿੰਘ ਗਰੇਵਾਲ, ਯੂਥ ਆਗੂ ਸੰਦੀਪ ਸਿੰਘ ਮੱਲ੍ਹਾ ਤੇ ਹੋਰ ਆਦਿ ਹਾਜ਼ਰ ਸਨ |