ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ 'ਚ ਥਾਂ-ਥਾਂ ਸੀਵਰੇਜ ਲੀਕੇਜ਼ ਹੋਣ ਕਾਰਨ ਗੰਦਾ ਪਾਣੀ ਰਸਤਿਆਂ ਵਿਚ ਖੜ੍ਹਨ 'ਤੇ ਲੋਕਾਂ 'ਚ ਨਗਰ ਕੌਂਸਲ ਰਾਏਕੋਟ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਸ਼ਹਿਰ ਵਾਸੀ ਮਨਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜਦੋਂ ਦਾ ਸ਼ਹਿਰ ਵਿਚ ਨਵਾਂ ਸੀਵਰੇਜ ਪਾਇਆ ਗਿਆ ਹੈ | ਉਸ ਸਮੇਂ ਤੋਂ ਹੀ ਥਾਂ-ਥਾਂ 'ਤੇ ਸੀਵਰੇਜ ਦਾ ਪਾਣੀ ਲੀਕ ਹੋ ਰਿਹਾ ਹੈ ਜਿਸ ਨਾਲ ਸੜਕਾਂ-ਗਲੀਆਂ 'ਚ ਗੰਦੇ ਪਾਣੀ ਦੇ ਛੱਪੜ ਲੱਗ ਰਹੇ ਹਨ, ਜਿਸ ਕਾਰਨ ਮਜ਼ਬੂਰਨ ਲੋਕਾਂ ਨੂੰ ਉਸ ਗੰਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀ ਇਸ ਸਮੱਸਿਆ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਇਸ ਮਸਲੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ | ਉਨ੍ਹਾਂ ਦੱਸਿਆ ਕਿ ਜਗਰਾਉਂ ਰੋਡ 'ਤੇ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਸੀਵਰੇਜ਼ ਬੰਦ ਹੋਣ ਕਾਰਨ ਪਾਣੀ ਦੀ ਉੱਚਿਤ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਗੰਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਦੇ ਅੰਦਰ ਵੜ੍ਹਨਾ ਸ਼ੁਰੂ ਹੋ ਗਿਆ ਹੈ | ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੋ ਰਹੇ ਹਨ | ਪੀੜਤ ਲੋਕਾਂ ਨੇ ਆਖਿਆ ਕਿ ਜੇਕਰ ਨਗਰ ਕੌਂਸਲ ਵਲੋਂ ਆਉਂਦੇ 1-2 ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਦੀ ਹੋਵੇਗੀ |