ਜਗਰਾਉਂ, 25 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਦੀ ਸਰਕਾਰ ਵਲੋਂ ਵਾਪਿਸ ਲਈ ਸੁਰੱਖਿਆ ਨੂੰ ਬਹਾਲ ਕਰਵਾਉਣ ਲਈ ਅੱਜ ਸੇਵਾਦਾਰਾਂ ਦਾ ਜੱਥਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੂੰ ਮਿਲਿਆ | ਜਥੇ ਵਲੋਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੂੰ ਲਿਖਤੀ ਦਿੱਤੇ ਪੱਤਰ ਵਿਚ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ 'ਤੇ ਪਿਛਲੇ ਸਮੇਂ ਦੌਰਾਨ ਹੋਏ ਹਮਲੇ ਜਿਸ ਵਿਚ ਉਨ੍ਹਾਂ ਨੂੰ ਗੋਲੀ ਵੀ ਲੱਗੀ ਸੀ, ਉਸ ਦੌਰਾਨ ਸੰਤ ਬਾਬਾ ਘਾਲਾ ਸਿੰਘ ਜੋ ਕਿ ਸੰਤ ਬਾਬਾ ਨਰਾਇਣ ਸਿੰਘ ਦੇ ਮੁੱਖ ਸੇਵਾਦਾਰ ਸਨ, ਵਲੋਂ ਟਾਕਰਾ ਕੀਤਾ ਗਿਆ | ਇਹੀ ਨਹੀਂ ਪੁਲਿਸ ਰਿਕਾਰਡ ਵਿਚ ਵੀ ਹੈ ਕਿ ਸੰਤ ਬਾਬਾ ਘਾਲਾ ਸਿੰਘ ਖ਼ਿਲਾਫ਼ ਵਿਰੋਧੀਆਂ ਵਲੋਂ ਸਮੇਂ-ਸਮੇਂ ਸਿਰ ਹੱਲਾ ਬੋਲਣ ਦੀਆਂ ਸਾਜ਼ਿਸ਼ਾਂ ਘੜਨ ਤਹਿਤ ਹੀ ਦਹਾਕਿਆਂ ਤੋਂ ਸੁਰੱਖਿਆ ਦਿੱਤੀ ਗਈ ਸੀ, ਜਿਸ ਨੂੰ ਪਿਛਲੇ ਦਿਨੀਂ ਇਕ ਬਿਆਨ ਤੋਂ ਬਾਅਦ ਸੁਰੱਖਿਆ ਵਾਪਸ ਲੈ ਲਈ ਗਈ | ਇਸ ਜਥੇ ਵਿਚ ਸ਼ਾਮਿਲ ਬਾਬਾ ਆਗਿਆਪਾਲ ਸਿੰਘ ਨਾਨਕਸਰ, ਭਾਈ ਸਤਨਾਮ ਸਿੰਘ, ਭਾਈ ਬਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦੇ ਮਾੜੇ ਹਾਲਾਤ ਚੱਲ ਰਹੇ ਹਨ ਅਜਿਹੇ ਵਿਚ ਸੰਤ ਬਾਬਾ ਘਾਲਾ ਸਿੰਘ ਦੀ ਬਿਨਾਂ ਕਿਸੇ ਕਾਰਨ ਸੁਰੱਖਿਆ ਵਾਪਸ ਲੈਣਾ ਠੀਕ ਨਹੀਂ | ਉਨ੍ਹਾਂ ਲਿਖਤੀ ਪੱਤਰ ਰਾਹੀਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਅਤੇ ਸਰਕਾਰ ਤੋਂ ਸੰਤ ਬਾਬਾ ਘਾਲਾ ਸਿੰਘ ਦੀ ਵਾਪਸ ਲਈ ਸੁਰੱਖਿਆ ਬਹਾਲ ਕਰਨ ਦੀ ਅਪੀਲ ਕੀਤੀ, ਜਿਸ 'ਤੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਸੁਰੱਖਿਆ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ |