• ਭਾਈ ਮੁਹੱਬਤਪ੍ਰੀਤ ਸਿੰਘ ਲੀਲ੍ਹਾਂ ਮੇਘ ਸਿੰਘ ਵਾਲਿਆਂ ਨੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ
ਮੁੱਲਾਂਪੁਰ-ਦਾਖਾ, 26 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ (ਲੁਧਿ:) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੰਤ ਚੰਨਣ ਸਿੰਘ ਜੀ, ਸੰਤ ਫਤਿਹ ਸਿੰਘ ਜੀ ਅਤੇ ਸੰਤ ਵਿਸਾਖਾ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ, ਹੋਰ ਕੀਰਤਨੀ ਜਥਿਆਂ ਵਲੋਂ ਸ਼ਬਦ ਕੀਰਤਨ ਕਰਦਿਆਂ ਸੰਗਤ ਨੂੰ ਨਿੱਤਨੇਮੀ ਹੋਣ ਦੇ ਨਾਲ ਅੰਮਿ੍ਤਧਾਰੀ ਹੋਣ ਲਈ ਪ੍ਰੇਰਿਆ ਗਿਆ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਦੇ ਮੁੱਖ ਸੇਵਾਦਾਰ (ਗ੍ਰੰਥੀ ਸਿੰਘ) ਭਾਈ ਮਨਿੰਦਰ ਸਿੰਘ ਵਲੋਂ ਸ਼ਬਦ ਗੁਰੂ ਕਥਾ ਦੀ ਵਿਚਾਰ ਹੋਈ | ਭਾਈ ਮੁਹੱਬਤਪ੍ਰੀਤ ਸਿੰਘ ਲੀਲ੍ਹਾਂ ਮੇਘ ਸਿੰਘ ਵਾਲਿਆਂ ਨੇ ਦਰਬਾਰ ਹਾਲ 'ਚ ਜੁੜੀ ਸੰਗਤ ਨੂੰ ਗੁਰ ਇਤਿਹਾਸ ਬਾਰੇ ਜਾਣੂੰ ਕਰਵਾਉਂਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ | ਭਾਈ ਸਾਹਿਬ ਨੇ ਕਿਹਾ ਕਿ ਜੇਕਰ ਮਨੁੱਖ ਚਾਰ ਪਦਾਰਥ (ਧਰਮ, ਅਰਥ, ਨਾਮ, ਮੋਖ) ਦੀ ਪ੍ਰਾਪਤੀ ਚਾਹੁੰਦਾ ਤਾਂ ਉਹ ਗੁਰਮੁਖਾਂ ਦੀ ਸੇਵਾ ਵਿਚ ਜੁਟ ਜਾਵੇ | ਭਾਈ ਸਾਹਿਬ ਨੇ ਦੱਸਿਆ ਕਿ ਸਾਡਾ ਆਦਿ ਗੁਰੂ ਮਨੁੱਖਤਾ ਨੂੰ ਸੇਵਾ ਸਿਮਰਨ ਦੇ ਨਾਲ ਚੰਗੇ ਕਰਮ ਬਣਾਉਣ ਲਈ ਪ੍ਰੇਰਦਾ, ਗੁਰੂ ਸ਼ਬਦ ਆਪਣੇ ਹਿਰਦੇ 'ਚ ਵਸਾਉਣ ਲਈ ਹਰ ਪ੍ਰਾਣੀ ਨੂੰ ਸਤਿਸੰਗ ਵਿਚ ਜੁੜਨਾ ਚਾਹੀਦਾ | ਸੰਗਤ ਨੂੰ ਦੱਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਘਰਾਂ ਦੀ ਸੇਵਾ, ਸਿੱਖੀ ਦਾ ਪ੍ਰਚਾਰ-ਪਸਾਰ ਅਤੇ ਵਿੱਦਿਅਕ ਅਦਾਰਿਆਂ ਦੀ ਬਿਹਤਰੀ ਲਈ ਸੰਤ ਚੰਨਣ ਸਿੰਘ, ਸੰਤ ਫਤਿਹ ਸਿੰਘ ਦਾ ਵਡਮੁੱਲਾ ਯੋਗਦਾਨ ਰਿਹਾ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ ਗੋਰਾ ਨੇ ਸੰਗਤ ਨੂੰ ਸੰਬੋਧਨ ਸਮੇਂ ਸੰਖੇਪ 'ਚ ਦੱਸਿਆ ਕਿ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਮੀਰ ਮੰਨੂ ਦੇ ਜ਼ਬਰ ਦੀ ਦਾਸਤਾਨ ਦਾ ਗਵਾਹ ਹੈ | ਜ਼ਿਕਰਯੋਗ ਹੈ ਕਿ ਸੰਤ ਵਿਸਾਖਾ ਸਿੰਘ ਦੇ ਉੱਦਮ ਨਾਲ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਜਦ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਤਾਂ ਕੁਝ ਬੀਬੀਆਂ ਤੇ ਬੱਚਿਆਂ ਦੇ ਸਾਬਤ ਪਿੰਜਰ ਨਿਕਲੇ, ਜੋ ਗੁਰਦੁਆਰਾ ਪ੍ਰਬੰਧਕਾਂ ਵਲੋਂ ਕਾਫੀ ਸਮਾਂ ਸੰਭਾਲ ਕੇ ਰੱਖੇ ਗਏ, ਸਾਲ 2000 ਵਿਚ ਇਨ੍ਹਾਂ ਮਨੁੱਖੀ ਪਿੰਜਰਾਂ ਨੂੰ ਸਮੂਹ ਸੰਗਤ ਵਲੋਂ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕਰ ਦਿੱਤਾ ਗਿਆ | ਅੱਜ ਦੇ ਧਾਰਮਿਕ ਸਮਾਗਮ ਮੌਕੇ ਬਾਬਾ ਬਖਸ਼ੀਸ਼ ਸਿੰਘ, ਪ੍ਰਧਾਨ ਮਨਜੀਤ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ ਧਨੋਆ ਯੂ.ਐੱਸ.ਏ, ਨਾਜਰ ਸਿੰਘ ਗਿੱਲ, ਸਾਧੂ ਸਿੰਘ ਕਲੇਰ, ਪ੍ਰਧਾਨ ਮੋਹਣ ਸਿੰਘ, ਹਰਵਿੰਦਰ ਸਿਘ, ਤੇਜਾ ਸਿੰਘ ਗਿੱਲ, ਭਾਗ ਸਿੰਘ ਸੰਗਤ ਦੀ ਜੁੜੀ ਇਕੱਤਰਤਾ ਸਮੇਂ ਪੰਡਾਲ ਵਿਚ ਜੁੜੇ |
ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸੰਤ ਚੰਨਣ ਸਿੰਘ, ਸੰਤ ਫਤਹਿ ਸਿੰਘ, ਸੰਤ ਵਿਸਾਖਾ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ
ਅਜੀਤ ਡੈਸਕ
27-02-2026