ਸਿੱਧਵਾਂ ਬੇਟ, 26 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਬੇਟ ਇਲਾਕੇ ਨਾਲ ਸੰਬੰਧਿਤ ਵਰਕਰਾਂ ਨਾਲ ਤਾਲਮੇਲ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਆਖਿਆ ਕਿ ਬੇਟ ਇਲਾਕੇ ਵਿਚੋਂ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦਾ ਇਕ ਵੱਡਾ ਕਾਫ਼ਲਾ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਰਵਾਨਾ ਹੋਵੇਗਾ | ਸਿੱਧਵਾਂ ਨੇ ਆਖਿਆ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਬੇਟ ਇਲਾਕੇ ਵਿਚ ਵਿਕਾਸ ਕਾਰਜ ਕਰਕੇ ਬਦਲਾਅ ਤਾਂ ਕੀ ਲਿਆਉਣਾ ਸੀ, ਸਗੋਂ ਉਨ੍ਹਾਂ ਨੇ ਬਦਲੇ ਦੀ ਭਾਵਨਾ ਨਾਲ ਕਾਂਗਰਸੀ ਆਗੂਆਂ 'ਤੇ ਨਾਜਾਇਜ਼ ਮਾਮਲੇ ਦਰਜ ਕਰਵਾ ਦਿੱਤਾ | ਇੱਥੋਂ ਤੱਕ ਕਿ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਕੈਪਟਨ ਸੰਧੂ ਨੂੰ ਵੀ ਨਹੀਂ ਬਖਸ਼ਿਆ, ਪਰ ਹੁਣ ਲੋਕ ਇਸ ਕਿਸਾਨ, ਗਰੀਬ, ਮੁਲਾਜ਼ਮ ਵਿਰੋਧੀ ਸਰਕਾਰ ਤੋਂ ਬਦਲਾ ਲੈਣ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ | ਠੇਕੇਦਾਰ ਸਿੱਧਵਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ 28 ਫਰਵਰੀ, ਦਿਨ ਸ਼ਨੀਵਾਰ ਨੂੰ ਸਵੇਰ 9 ਵਜੇ ਬੱਸਾਂ ਦਾ ਕਾਫ਼ਲਾ ਬਰਨਾਲਾ ਰੈਲੀ ਲਈ ਰਵਾਨਾ ਹੋਵੇਗਾ | ਉਨ੍ਹਾਂ ਵਰਕਰਾਂ ਨੂੰ ਇਸ ਮੌਕੇ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ |