?ਰਾਏਕੋਟ, 26 ਫਰਵਰੀ (ਸੁਸ਼ੀਲ)-ਡੀ.ਐੱਸ.ਪੀ. ਰਾਏਕੋਟ ਹਰਜਿੰਦਰ ਸਿੰਘ ਨੇ ਅੱਜ ਕੈਮਿਸਟ ਐਸੋਸੀਏਸ਼ਨ ਰਾਏਕੋਟ ਦੇ ਸਮੂਹ ਮੈਂਬਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਕੈਮਿਸਟਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਜੇਕਰ ਬਿਨਾਂ ਪਰਚੀ ਅਤੇ ਰਿਕਾਰਡ ਦੇ ਮਨੋਤੇਜਕ (ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ) ਦਵਾਈਆਂ ਦੀ ਵਿਕਰੀ ਕੀਤੀ ਗਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਖੁਰਾਣਾ ਨੇ ਡੀ.ਐੱਸ.ਪੀ. ਹਰਜਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਯੂਨੀਅਨ ਦਾ ਕੋਈ ਵੀ ਮੈਂਬਰ ਇਤਰਾਜ਼ਯੋਗ ਦਵਾਈਆਂ ਨਹੀਂ ਵੇਚੇਗਾ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਐਸੋਸੀਏਸ਼ਨ ਵਲੋਂ ਪਹਿਲਾਂ ਹੀ ਇਕ ਮਤਾ ਪਾਸ ਕੀਤਾ ਜਾ ਚੁੱਕਾ ਹੈ ਜੇਕਰ ਕੋਈ ਮੈਂਬਰ ਗਲਤ ਦਵਾਈਆਂ ਵੇਚਦਾ ਫੜਿ੍ਹਆ ਜਾਂਦਾ ਹੈ ਤਾਂ ਯੂਨੀਅਨ ਉਸ ਦਾ ਸਾਥ ਨਹੀਂ ਦੇਵੇਗੀ |