ਰਾਏਕੋਟ, 26 ਫਰਵਰੀ (ਸੁਸ਼ੀਲ)-ਪੀ.ਐੱਮ ਸ੍ਰੀ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਰਕਾਰੀ ਖਰਚੇ 'ਤੇ ਜੈਪੁਰ (ਰਾਜਸਥਾਨ) ਦਾ ਵਿੱਦਿਅਕ ਟੂਰ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਵਨਗੀਤ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ | ਟੂਰ ਲਗਾਉਣ ਉਪਰੰਤ ਰਾਏਕੋਟ ਵਾਪਸ ਪੁੱਜ ਕੇ ਅਧਿਆਪਕ ਅਰਸ਼ਦੀਪ ਕੌਰ ਨੇ ਦੱਸਿਆ ਕਿ ਇਸ ਵਿੱਦਿਅਕ ਟੂਰ ਪ੍ਰੋਗਰਾਮ ਵਿਚ ਸਕੂਲ ਦੀਆਂ 50 ਹੋਣਹਾਰ ਵਿਦਿਆਰਥਣਾਂ ਨੂੰ ਸ਼ਾਮਿਲ ਕੀਤਾ ਗਿਆ ਸੀ | ਇਕ ਹਫ਼ਤੇ ਦੇ ਇਸ ਟੂਰ ਦੌਰਾਨ ਸਕੂਲ ਵਿਦਿਆਰਥਣਾਂ ਨੂੰ ਰਾਜਸਥਾਨ ਦੇ ਇਤਿਹਾਸਿਕ ਸ਼ਹਿਰ ਜੈਪੁਰ, ਜੰਤਰ ਮੰਤਰ, ਹਵਾ ਮਹਿਲ, ਆਮੇਰ ਕਿਲ੍ਹਾ, ਸਾਇੰਸ ਪਾਰਕ ਜੈਪੁਰ, ਜਲ ਮਹਿਲ ਅਤੇ ਚੋਖੀ ਧਾਣੀ ਆਦਿ ਇਤਿਹਾਸਿਕ ਸਥਾਨਾਂ 'ਤੇ ਲਿਜਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਰਾਜਸਥਾਨ ਦੇ ਖੂਬਸੂਰਤ ਸ਼ਹਿਰ ਮਾਊਾਟ ਆਬੂ ਦੀ ਵੀ ਸੈਰ ਕਰਵਾਈ ਗਈ | ਇਸ ਵਿੱਦਿਅਕ ਟੂਰ ਵਿਚ ਅਧਿਆਪਕ ਸ੍ਰੀਮਤੀ ਹਰਜੀਤ ਕੌਰ, ਸੰਦੀਪ ਵਾਲੀਆ, ਪਰਵਿੰਦਰ ਕੌਰ ਅਤੇ ਚਰਨਜੀਤ ਸਿੰਘ ਆਦਿ ਵੀ ਸ਼ਾਮਿਲ ਸਨ |