ਗੁਰੂਸਰ ਸੁਧਾਰ, 26 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕਾਨੂੰਨਗੋ ਸਰਕਲ ਸੁਧਾਰ ਦੇ ਤਿੰਨ ਪਿੰਡਾਂ ਅੱਬੂਵਾਲ, ਰੱਤੋਵਾਲ ਅਤੇ ਟੂਸਾ ਲਈ ਮਾਲ ਮਹਿਕਮੇ ਵਲੋਂ ਨਿਯੁਕਤ ਸਿਰਫ਼ ਇਕ ਪਟਵਾਰੀ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਨਾ ਹੀ ਨਹੀਂ ਇੰਨ੍ਹਾਂ ਤਿੰਨ ਪਿੰਡਾਂ ਤੋਂ ਇਲਾਵਾ ਰਾਏਕੋਟ ਹਲਕੇ ਦੇ ਲੋਹਟਬੱਦੀ ਤੇ ਕਲਸੀਆਂ ਸਮੇਤ ਕੁੱਲ ਪੰਜ ਪਿੰਡ ਹੋਣ ਕਾਰਨ ਪਟਵਾਰੀ ਸੌਰਵ ਸ਼ਰਮਾ ਦੀ ਘੱਟ ਹਾਜ਼ਰੀ ਦੇ ਚੱਲਦਿਆਂ ਕਿਸਾਨਾਂ ਅਤੇ ਲੋਕਾਂ ਦੇ ਜ਼ਰੂਰੀ ਰੋਜ਼ਮਰ੍ਹਾ ਦੇ ਕੰਮ ਕਈ-ਕਈ ਦਿਨ ਨਹੀਂ ਹੋ ਰਹੇ ਤੇ ਇਨ੍ਹਾਂ ਪਿੰਡਾਂ ਦੇ ਪੀੜਤ ਲੋਕ ਡਾਹਢੇ ਪ੍ਰੇਸ਼ਾਨ ਹਨ | ਅੱਬੂਵਾਲ, ਰੱਤੋਵਾਲ ਤੇ ਟੂਸਾ ਦੇ ਕਿਸਾਨਾਂ ਨੇ ਦੁੱਖੜਾ ਰੋਂਦਿਆਂ ਦੱਸਿਆ ਕਿ ਪਟਵਾਰੀ ਦੀ ਗੈਰ-ਹਾਜ਼ਰੀ ਦੇ ਕਾਰਨ ਜਿਥੇ ਉਨ੍ਹਾਂ ਨੂੰ ਪਟਵਾਰ ਭਵਨ ਸੁਧਾਰ ਦੇ ਅਨੇਕਾਂ ਗੇੜੇ ਲਗਾਉਣ ਤੋਂ ਬਿਨਾਂ ਦਿਨ ਵਿਚ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਉਥੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਮਿਣਤੀ, ਵਿਰਾਸਤੀ ਇੰਤਕਾਲ, ਨਵੇਂ ਇੰਤਕਾਲ ਦਰਜ਼ ਕਰਵਾਉਣ, ਬੈਂਕਾਂ ਦੀਆਂ ਲਿਮਟਾਂ ਬਣਵਾਉਣ ਤੇ ਆੜ ਰਹਿਣ ਖ਼ਤਮ ਲਈ ਲੋੜੀਂਦੀ ਕਾਰਵਾਈ, ਗਿਰਦਾਵਰੀ ਆਦਿ ਕੰਮਾਂ ਨੂੰ ਕਰਵਾਉਣ ਲਈ ਕਈ ਕਈ ਦਿਨ ਚੱਕਰ ਕੱਟਣੇ ਪੈਂਦੇ ਹਨ | ਉਧਰ ਦੂਜੇ ਪਾਸੇ ਆਮ ਲੋਕਾਂ ਨੂੰ ਜਾਤੀ, ਆਮਦਨ ਤੇ ਹੋਰ ਜ਼ਰੂਰੀ ਸਰਟੀਫ਼ਿਕੇਟ ਜਾਰੀ ਕਰਵਾਉਣ ਲਈ ਸਬੰਧਿਤ ਪਟਵਾਰੀ ਕਦੇ ਕਦਾਈਾ ਮਿਲਣ ਕਾਰਨ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਇਨ੍ਹਾਂ ਤਿੰਨਾਂ ਪਿੰਡਾਂ ਦੇ ਕਿਸਾਨਾਂ ਤੇ ਲੋਕਾਂ ਨੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਐੱਸ.ਡੀ.ਐੱਮ. ਰਾਏਕੋਟ ਤੇ ਤਹਿਸੀਲਦਾਰ ਰਾਏਕੋਟ ਪਾਸੋਂ ਮੰਗ ਕੀਤੀ ਹੈ ਕਿ ਲੋਕਾਂ ਦੇ ਕੰਮ ਨਿਰੰਤਰ ਜਾਰੀ ਰੱਖਣ ਲਈ ਕਾਨੂੰਗੋ ਸਰਕਲ ਸੁਧਾਰ ਦੇ ਸਬੰਧਿਤ ਪਿੰਡਾਂ ਲਈ ਪੱਕੇ ਪਟਵਾਰੀ ਦੀ ਨਿਯੁਕਤੀ 'ਤੇ ਹਾਜ਼ਰੀ ਯਕੀਨੀ ਬਣਾਈ ਜਾਵੇ |